
ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਦਾ ਮਾਮਲਾ।
ਤਿੰਨਾਂ ਪਿੰਡਾਂ ਦੇ ਗੰਦੇ ਪਾਣੀ ਰੋਕਣ ਲਈ ਸੀਚੇਵਾਲ ਮਾਡਲ ਦੀ ਸਥਾਪਨਾ ਸ਼ੁਰੂ।
ਸੀਚੇਵਾਲ ਮਾਡਲ ਤਹਿਤ ਅੱਠਾਂ ਪਿੰਡਾਂ ਦਾ ਪਾਣੀ ਜਾਵੇਗਾ ਸੋਧਿਆ : ਸੰਤ ਸੀਚੇਵਾਲ।
ਬੁੱਢੇ ਦਰਿਆ ਤੇ ਚਾਰ ਥਾਵਾਂ ਤੇ ਚੱਲ ਰਹੀ ਹੈ ਕਾਰਸੇਵਾ।
ਲੁਧਿਆਣਾ, 14 ਫਰਵਰੀ ( ਵਰਿੰਦਰ ਸਿੰਘ ਹੀਰਾ) ਬੁੱਢੇ ਦਰਿਆ ਨੂੰ ਮੁੜ ਪਵਿੱਤਰ ਬਣਾਉਣ ਦੀ ਸ਼ੁਰੂ ਕੀਤੀ ਗਈ ਕਾਰਸੇਵਾ ਦੌਰਾਨ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ, ਉਸਨੂੰ ਰੋਕਣ ਲਈ ਤਿੰਨ ਪਿੰਡਾਂ ਵਿੱਚ ਸੀਚੇਵਾਲ ਮਾਡਲ ਤਹਿਤ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਹਨਾਂ ਪਿੰਡਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜ਼ਾਇਜ਼ਾ ਲਿਆ। ਪਿੰਡ ਭੂਖੜੀ ਖੁਰਦ ਵਿੱਚ ਸੀਚੇਵਾਲ ਮਾਡਲ ਤਹਿਤ ਬਣਾਏ ਜਾ ਰਹੇ ਤਿੰਨ ਖੂਹਾਂ ਦੇ ਨਿਰਮਾਣ ਦਾ ਕੰਮ 70 ਫੀਸਦੀ ਮੁਕੰਮਲ ਹੋ ਚੁੱਕਾ ਹੈ। ਇਸ ਤਰ੍ਹਾਂ ਲੱਖੋਵਾਲ ਪਿੰਡ ਵਿੱਚ ਵੀ ਕੰਮ ਮੁਕੰਮਲ ਹੋਣ ਦੇ ਨੇੜੇ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਭੂਖੜੀ ਖੁਰਦ ਵਿੱਚ ਛੱਪੜ ਨੂੰ ਸਾਫ ਕਰਨਾ ਹੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਪਿੰਡ ਦਾ ਛੱਪੜ ਬਿਲਕੁਲ ਬੁੱਢੇ ਦਰਿਆ ਦੇ ਕਿਨਾਰੇ ਤੇ ਹੈ। ਇਸ ਛੱਪੜ ਵਿੱਚ ਡੇਅਰੀਆਂ ਦੇ ਪੈ ਰਿਹਾ ਗੋਹਾ ਕੱਢਣ ਲਈ ਹੀ ਲਗਭਗ ਇੱਕ ਹਫਤੇ ਦਾ ਸਮਾਂ ਲੱਗ ਗਿਆ। ਉਹਨਾਂ ਨੇ ਦੱਸਿਆ ਕਿ ਲਗਾਤਾਰ ਦੋ ਮਸ਼ੀਨਾਂ ਗੋਹਾ ਕੱਢਣ ਲਈ ਦਿਨ ਰਾਤ ਚੱਲਦੀਆਂ ਰਹੀਆਂ ਤਾਂ ਜਾ ਕਿ ਇਸ ਗੋਹੇ ਨੂੰ ਕੱਢਿਆ ਜਾ ਸਕਿਆ। ਹੁਣ ਸੀਚੇਵਾਲ ਮਾਡਲ ਤਹਿਤ ਬਣ ਰਹੇ ਖੂਹਾਂ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਤੇ ਜਲਦੀ ਹੀ ਇਸ ਪਿੰਡ ਦਾ ਗੰਦਾ ਪਾਣੀ ਸੋਧਕੇ ਖੇਤੀ ਨੂੰ ਲੱਗਦਾ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਇੱਕ ਵੱਖਰੀ ਟੀਮ ਪਿੰਡ ਲੱਖੋਵਾਲ ਵਿੱਚ ਸੀਚੇਵਾਲ ਮਾਡਲ ਤਹਿਤ ਛੱਪੜ ਦਾ ਨਿਰਮਾਣ ਕਰਨ ਵਿੱਚ ਲੱਗੀ ਹੋਈ ਹੈ। ਪਿੰਡ ਬੱੁਢੇਵਾਲ ਵਿੱਚ ਛੱਪੜ ਦੀ ਖੁਦਾਈ ਕਰਕੇ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੌਰਾਨ ਚਾਰ ਥਾਵਾਂ ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਗੁਰਦੁਆਰਾ ਗਊਘਾਟ ਨੇੜੇ ਪੰਪਿੰਗ ਸਟੇਸ਼ਨ ਅਤੇ ਜਮਾਲਪੁਰ ਰੋਡ ਤੇ 225 ਐਮ.ਐਲ.ਡੀ ਟਰੀਟਮੈਂਟ ਪਲਾਂਟ ਦੇ ਨੇੜੇ ਦੋ ਕਰੇਨਾਂ ਬੱੁਢੇ ਦਰਿਆ ਵਿੱਚੋਂ ਗਾਰ ਕੱਢਣ ਲਈ ਲੱਗੀਆਂ ਹੋਈਆਂ ਹਨ। ਦਰਿਆ ਵਿੱਚ 8 ਤੋਂ 10 ਫੱੁਟ ਤੱਕ ਗਾਰ ਜੰਮਣ ਨਾਲ ਪਾਣੀ ਦਾ ਵਹਾਅ ਉਲਟ ਦਿਸ਼ਾ ਵੱਲ ਜਾ ਰਿਹਾ ਸੀ। ਇਹ ਦੋਵੇਂ ਕਰੇਨਾਂ ਚੱਲਣ ਨਾਲ ਦਰਿਆ ਵਿੱਚ ਵੱਡੇ ਪੱਧਰ ਤੇ ਗਾਰ ਕੱਢੀ ਗਈ ਹੈ। ਜਿਸ ਨਾਲ ਦਰਿਆ ਦਾ ਵਹਾਅ ਠੀਕ ਦਿਸ਼ਾ ਵੱਲ ਚੱਲਣ ਲੱਗ ਗਿਆ ਹੈ। ਇਸੇ ਤਰ੍ਹਾਂ ਜ਼ਮਾਲਪੁਰ ਰੋਡ ਤੇ ਹੀ ਬਣਾਏ ਜਾ ਰਹੇ ਇਸ਼ਨਾਨ ਘਾਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ਼ਨਾਨ ਘਾਟ ਹੋਰ ਬਣਾਉਣ ਵਾਸਤੇ ਵੀ ਪੱਥਰ ਮੰਗਵਾਇਆ ਗਿਆ ਹੈ।
ਬੁੱਢੇ ਦਰਿਆ ਦੇ ਉਪਰੀ ਹਿੱਸੇ ਦੇ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਦਰਿਆ ਵਿੱਚ ਪੈ ਰਿਹਾ ਹੈ। ਉਸਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਚਾਰ ਪਿੰਡਾਂ ਨੂੰ 6000 ਲੀਟਰ ਵਾਲੇ ਵੈਕਿਊਮ ਟੈਂਕਰ ਦੇਣ ਵਾਸਤੇ 15 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਵੈਕਿਊਮ ਟੈਂਕਰ ਡੇਅਰੀਆਂ ਵਿੱਚੋਂ ਦਰਿਆ ਵਿੱਚ ਪੈ ਰਹੇ ਮਲ ਮੂਤਰ ਨੂੰ ਚੁੱਕ ਕੇ ਖੇਤਾਂ ਤੱਕ ਪਹੰਚਣ ਲਈ ਵਰਤੇ ਜਾਣਗੇ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੇ 5000 ਲੀਟਰ ਵਾਲੇ ਨਵੇਂ ਟੈਂਕਰਾਂ ਲਈ ਦੋ ਪਿੰਡਾਂ ਨੂੰ 7 ਲੱਖ 31 ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵੱਲੋਂ 17 ਫਰਵਰੀ 2025 ਦਿਨ ਸੋਮਵਾਰ ਨੂੰ ਬੁੱਢੇ ਦਰਿਆ ਦਾ ਦੌਰਾ ਕਰਨਗੇ। ਬੁੱਢੇ ਦਰਿਆ ਵਿੱਚ ਪੈ ਰਹੇ ਜ਼ਹਿਰੀਲੇ ਤੇ ਗੰਦੇ ਪਾਣੀਆਂ ਨੂੰ ਰੋਕਣ ਵਾਸਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 2 ਫਰਵਰੀ 2024 ਤੋਂ ਕਾਰਸੇਵਾ ਸ਼ੁਰੂ ਕੀਤੀ ਗਈ ਹੈ। ਕਾਰਸੇਵਾ ਦੇ ਪਹਿਲੇ ਪੜਾਅ ਦੌਰਾਨ ਬੁੱਢੇ ਦਰਿਆ ਦੇ ਕਿਨਾਰਿਆਂ ਤੇ ਬੂਟੇ ਲਗਾਏ ਸਨ। ਕਾਰਸੇਵਾ ਦਾ ਦੂਜਾ ਪੜਾਅ 22 ਦਸੰਬਰ 2024 ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੌਰਾਨ ਡੇਅਰੀਆਂ, ਫੈਕਟਰੀਆਂ ਤੇ ਨਗਰ ਨਿਗਰ ਦੇ ਪਾਣੀਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਸੀ। ਇਸਤੋਂ ਪਹਿਲਾਂ ਵੀ ਕਈ ਵਾਰ ਡਾ. ਰਵਜੋਤ ਸਿੰਘ ਵੱਲੋਂ ਬੁੱਢੇ ਦਰਿਆ ਦਾ ਦੌਰਾ ਕਰ ਚੁੱਕੇ ਹਨ।

ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਅਚਨਚੇਤ ਚੈਕਿੰਗ।
2 ਬੱਚਿਆਂ ਦਾ ਵੀ ਕੀਤਾ ਰੈਸਕਿਊ।
ਲੁਧਿਆਣਾ, 14 ਫਰਵਰੀ ( ਵਰਿੰਦਰ ਸਿੰਘ ਹੀਰਾ) ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜ਼ੋਰਵਾਲ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ, ਸਿੱਖਿਆ ਵਿਭਾਗ ਅਤੇ ਬਚਪਨ ਬਚਾਉ ਅੰਦੋਲਨ ਵੱਲੋ ਸਾਂਝੇ ਤੌਰ ‘ਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਵਿਖੇੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਅਭਿਆਨ ਚਲਾਇਆ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਜੋਕਿ ਇਸ ਅਭਿਆਨ ਦੇ ਨੋਡਲ ਅਫ਼ਸਰ ਹਨ, ਦੀ ਪ੍ਰਧਾਨਗੀ ਹੇਠ ਜੀ.ਐਮ.ਡੀ. ਮਾਲ, ਨੇੜੇ ਰੇਲਵੇ ਸਟੇਸ਼ਨ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਬਾਲ ਭਿੱਖਿਆ ਦੀ ਰੋਕਥਾਮ ਲਈ ਰੇਡ ਕੀਤੀ ਗਈ।
ਇਸ ਵਿਸ਼ੇਸ਼ ਚੈਕਿੰਗ ਦੌਰਾਨ 2 ਬੱਚਿਆਂ ਨੂੰ ਭੀਖ ਮੰਗਣ ਅਤੇ ਨਸ਼ਾ ਕਰਨ ਤੋਂ ਰੋਕਿਆ ਗਿਆ ਅਤੇ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਹਨਾਂ ਬੱਚਿਆਂ ਦੇ ਮਾਤਾ-ਪਿਤਾ ਜਾਂ ਕੋਈ ਰਿਸ਼ਤੇਦਾਰ ਨਾ ਹੋਣ ਕਰਕੇ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਬਾਲ ਘਰ ਵਿਖੇ ਸ਼ਿਫਟ ਕੀਤਾ ਗਿਆ ।
ਉਨ੍ਹਾਂ ਆਮ ਜਨਤਾ ਨੂੰ ਵੀ ਜਾਗਰੂਕ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਚਾਈਲਡ ਬੈਗਿੰਗ ਤੇ ਠੱਲ ਪਾਈ ਜਾ ਸਕੇ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਵੱਲੋ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ ਤਾਂ ਜੋ ਲੁਧਿਆਣਾ ਨੂੰ ਬਾਲ ਭਿਖਿਆ ਤੋਂ ਮੁਕਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਅਤੇ ਉਜਵਲ ਬਣਾਇਆ ਜਾ ਸਕੇ।

ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ) ਦੀਆਂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ।
ਆਬਕਾਰੀ ਅਤੇ ਕਰ ਵਿਭਾਗ ਦੀ ਜੀ.ਐਸ.ਟੀ. ਰਜਿਸਟ੍ਰੇਸ਼ਨ ਮੁਹਿੰਮ ‘ਚ ਕੀਤੀ ਭਾਗੀਦਾਰੀ ।
ਲੁਧਿਆਣਾ, 14 ਫਰਵਰੀ ( ਵਰਿੰਦਰ ਸਿੰਘ ਹੀਰਾ) ਜੀ.ਐਸ.ਟੀ. ਵਿਭਾਗ, ਪੰਜਾਬ ਸਰਕਾਰ ਨੇ ਅੱਜ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ), ਮਾਡਲ ਟਾਊਨ ਲੁਧਿਆਣਾ ਦੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ, ਜਿਨ੍ਹਾਂ 10 ਜਨਵਰੀ, 2025 ਤੋਂ 10 ਫਰਵਰੀ, 2025 ਤੱਕ ਵਿਭਾਗ ਵੱਲੋਂ ਚਲਾਈ ਗਈ ਜੀ ਐਸ ਟੀ ਰਜਿਸਟ੍ਰੇਸ਼ਨ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਜੀਐਸਟੀ ਐਕਟ, 2017 ਅਧੀਨ ਗੈਰ-ਰਜਿਸਟਰਡ ਡੀਲਰਾਂ ਦੇ ਸਰਵੇਖਣ ਦੀ ਪ੍ਰਕਿਰਿਆ ਵਿੱਚ ਕਾਮਰਸ ਸਟ੍ਰੀਮ ਦੇ ਕੁਝ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦਾ ਵਿਚਾਰ ਸ਼੍ਰੀ ਕ੍ਰਿਸ਼ਨ ਕੁਮਾਰ, ਆਈਏਐਸ,
ਵਿੱਤੀ ਕਮਿਸ਼ਨਰ, ਕਰ, ਪੰਜਾਬ ਸਰਕਾਰ, ਆਬਕਾਰੀ ਅਤੇ ਕਰ ਵਿਭਾਗ ਦੀ ਕਾਢ ਸੀ।
ਉਨ੍ਹਾਂ ਦੇ ਨਿਰਦੇਸ਼ਾਂ ‘ਤੇ, ਜੀ ਐਨ ਕੇ ਸੀ ਡਬਲਯੂ, ਮਾਡਲ ਟਾਊਨ, ਲੁਧਿਆਣਾ ਦੇ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਇਸ ਸਰਕਾਰੀ ਪਹਿਲਕਦਮੀ ਲਈ ਬੀ.ਕਾਮ ਫਾਈਨਲ ਦੇ ਵਿਦਿਆਰਥੀਆਂ ਨੂੰ ਆਗਿਆ ਦਿੱਤੀ।
ਅੱਜ, ਸਾਰੇ ਵਿਦਿਆਰਥੀਆਂ ਦੀ ਸਵੈ-ਇੱਛਾ ਦੀ ਭਾਵਨਾ ਲਈ ਪ੍ਰਸ਼ੰਸਾ ਕੀਤੀ ਗਈ ਅਤੇ ਜੀ ਐਸ ਟੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸੁਹਿਰਦ ਯਤਨਾਂ ਲਈ ਸ਼੍ਰੀਮਤੀ ਸ਼ਾਈਨੀ ਸਿੰਘ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-3 ਦੁਆਰਾ ਜੀ ਐਨ ਕੇ ਸੀ ਡਬਲਯੂ, ਮਾਡਲ ਟਾਊਨ, ਲੁਧਿਆਣਾ ਵਿਖੇ ਆਯੋਜਿਤ ਇੱਕ ਪੁਰਸਕਾਰ ਸਮਾਰੋਹ ਦੌਰਾਨ ਦਿਲੋਂ ਧੰਨਵਾਦ ਕੀਤਾ ਗਿਆ।
ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਬੈਚਲਰ ਆਫ਼ ਕਾਮਰਸ ਦੇ ਵਿਸ਼ੇ ਵਜੋਂ ਜੀ ਐਸ ਟੀ ਬਾਰੇ ਵੀ ਮਾਰਗਦਰਸ਼ਨ ਕੀਤਾ ਗਿਆ ਅਤੇ ਮੇਰਾ ਬਿੱਲ ਐਪ ਅਤੇ ਬਿੱਲ ਮੰਗਣ ਦੀ ਮਹੱਤਤਾ ਬਾਰੇ ਸਿੱਖਿਆ ਦਿੱਤੀ ਗਈ।
ਵਿਦਿਆਰਥੀਆਂ ਦੁਆਰਾ ਟੈਕਸੇਸ਼ਨ ਦੇ ਵਿਹਾਰਕ ਪਹਿਲੂਆਂ ਬਾਰੇ ਉਠਾਏ ਗਏ ਕੁਝ ਸਵਾਲਾਂ ਦੇ ਜਵਾਬ ਵੀ ਸਮਾਗਮ ਦੌਰਾਨ ਦਿੱਤੇ ਗਏ।
ਸ਼੍ਰੀ ਹਰਦੀਪ ਸਿੰਘ ਆਹੂਜਾ, ਸਟੇਟ ਟੈਕਸ ਇੰਸਪੈਕਟਰ, ਜੋ ਇਸ ਸਮਾਗਮ ਦੌਰਾਨ ਮੌਜੂਦ ਸਨ, ਨੇ ਕਿਹਾ“ਆਬਕਾਰੀ ਅਤੇ ਕਰ ਵਿਭਾਗ ਜੀ ਐਸ ਟੀ ਮਾਮਲਿਆਂ ਬਾਰੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ ।
ਸਮਾਪਤੀ ਸਮਾਰੋਹ ਵਿੱਚ, ਸਾਰੇ ਹਾਜ਼ਰੀਨ ਨੇ 14 ਫਰਵਰੀ, 2019 ਨੂੰ ਪੁਲਵਾਮਾ ਹਮਲੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਬਹਾਦਰ ਨਾਇਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ।

ਬਾਬਾ ਵਡਭਾਗ ਸਿੰਘ ਜੀ ਦੇ ਤਪ ਸਥਾਨ ਡੇਹਰਾ ਸਾਹਿਬ ਵਿਖੇ ਹੋਲਾ ਮਹੱਲਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ।
ਬਾਬਾ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਵਿੱਚ ਸੇਵਾਦਾਰਾਂ ਨੇ ਕੀਤੀ ਮੀਟਿੰਗ।
ਊਨਾ / ਮੈੜੀ, 14 ਫਰਵਰੀ ( ਵਰਿੰਦਰ ਸਿੰਘ ਹੀਰਾ ) ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਡੇਹਰਾ ਸਾਹਿਬ ਪਿੰਡ ਮੈੜੀ, ਹਿਮਾਚਲ ਪ੍ਰਦੇਸ਼ ਵਿਖੇ ਹੋਲਾ ਮਹੱਲਾ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਇਸ ਸਬੰਧ ਵਿੱਚ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਸੰਸਥਾਪਕ ਅਤੇ ਪ੍ਰਧਾਨ ਬਾਬਾ ਜਗਦੇਵ ਸਿੰਘ ਸਿੱਧੂ ਦੀ ਅਗਵਾਈ ਵਿੱਚ ਜਥੇਬੰਦੀ ਦੇ ਮੈਂਬਰਾਂ ਦੀ ਇੱਕ ਮੀਟਿੰਗ ਹੋਈ , ਇਸ ਮੀਟਿੰਗ ਵਿੱਚ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਲੱਖਾਂ ਦੀ ਗਿਣਤੀ ਵਿੱਚ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵੱਖ ਵੱਖ ਟੀਮਾਂ ਬਣਾ ਕੇ ਉਹਨਾਂ ਨੂੰ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਮਾਹਲਾ ਸਿੰਘ ਅਤੇ ਉਨਾਂ ਦੀ ਜਥੇਬੰਦੀ ਬਾਬਾ ਵਡਭਾਗ ਸਿੰਘ ਸੇਵਾਦਾਰ ਟੀਮ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ । ਜ਼ਿਕਰਯੋਗ ਹੈ ਕਿ ਬਾਬਾ ਮਾਹਲਾ ਸਿੰਘ ਆਪਣੀ ਟੀਮ ਨਾਲ ਹਰ ਸਾਲ ਮੇਲੇ ਦੌਰਾਨ ਡੇਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਦੇਖ ਰੇਖ ਕਰਨ, ਪਾਖਾਨੇ ਦੀ ਵਿਵਸਥਾ ਕਰਨ, ਗਠੜੀ ਘਰ ਬਣਾਉਣ, ਵੀਲ ਚੇਅਰਾਂ ਮੁਹਈਆ ਕਰਾਉਣ ਤੇ ਹੋਰ ਵੀ ਲੋੜ ਅਨੁਸਾਰ ਸੇਵਾਵਾਂ ਕਰਨ ਵਿੱਚ ਹਮੇਸ਼ਾ ਸ਼ਲਾਘਾਯੋਗ ਕੰਮ ਕਰਦੀ ਹੈ। ਇਸ ਸਾਲ ਬਾਬਾ ਮਾਹਲਾ ਸਿੰਘ ਨੇ ਆਪਣੀ ਟੀਮ ਦੇ ਨਾਲ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਨਾਲ ਮਿਲ ਕੇ ਸੇਵਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਸੰਗਤਾਂ ਦੀ ਸੇਵਾ ਹੋਰ ਵੀ ਬਿਹਤਰ ਤਰੀਕੇ ਨਾਲ ਕੀਤੀ ਜਾਵੇ। ਇਸ ਮੌਕੇ ਬਾਬਾ ਜਗਦੇਵ ਸਿੰਘ ਸਿੱਧੂ ਨੇ ਬਾਬਾ ਮਾਹਲਾ ਸਿੰਘ ਦੀ ਟੀਮ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਬੋਲਦਿਆਂ ਬਾਬਾ ਜਗਦੇਵ ਸਿੰਘ ਸਿੱਧੂ ਨੇ ਕਿਹਾ ਕੀ ਮੇਲੇ ਦੌਰਾਨ ਦੋਨਾਂ ਜਥੇਬੰਦੀਆਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਮੇਲੇ ਵਿੱਚ ਆਉਣ ਵਾਲੇ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ । ਇਸ ਮੀਟਿੰਗ ਵਿੱਚ ਬਾਬਾ ਮਾਹਲਾ ਸਿੰਘ ਜੀ ਦੇ ਨਾਲ ਰੋਪੜ ਤੋਂ ਕੁਲਵੰਤ ਸਿੰਘ ਅਤੇ ਅੰਗਰੇਜ਼ ਸਿੰਘ, ਸੰਗਰੂਰ ਤੋਂ ਕੁਲਦੀਪ ਸਿੰਘ ਅਤੇ ਲਖਬੀਰ ਸਿੰਘ ਖਾਸ ਤੌਰ ਤੇ ਹਾਜ਼ਰ ਰਹੇ ਅਤੇ ਮੇਲੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਬੀ. ਕੇ. ਯੂ. (ਕਾਦੀਆਂ) ਵੱਲੋਂ ਐਸ. ਡੀ. ਐਮ. ਸਮਰਾਲਾ ਅਤੇ ਵਣ ਰੇਂਜ ਅਫਸਰ ਨੂੰ ਦਿੱਤੇ ਮੰਗ ਪੱਤਰ।
ਹਾਈਬ੍ਰਿਡ ਫਸਲਾਂ ਵੇਚਣ ਮੌਕੇ ਕੀਤੀ ਜਾਂਦੀ ਕਟੌਤੀ ਨੂੰ ਬੰਦ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਖੁਦ ਧਿਆਨ ਦੇਣ – ਹਰਦੀਪ ਸਿੰਘ ਗਿਆਸਪੁਰਾ
ਸਮਰਾਲਾ ,13 ਫਰਵਰੀ ( ਵਰਿੰਦਰ ਸਿੰਘ ਹੀਰਾ) ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਨ ਮਾਛੀਵਾੜਾ ਅਤੇ ਦਰਸ਼ਨ ਸਿੰਘ ਰੋਹਲੇ ਬਲਾਕ ਪ੍ਰਧਾਨ ਸਮਰਾਲਾ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫਦ ਵੱਲੋਂ ਐਸ. ਡੀ. ਐਮ. ਸਮਰਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਹਾਈਬ੍ਰਿਡ ਫਸਲਾਂ ਵੇਚਣ ਮੌਕੇ ਕੀਤੀ ਜਾਂਦੀ ਕਟੌਤੀ ਬੰਦ ਕਰਨ ਅਤੇ ਸਮਰਾਲਾ ਹਲਕੇ ਦੀਆਂ ਵੱਖ ਵੱਖ ਸੜਕਾਂ ਕਿਨਾਰੇ ਉੱਗੀਆਂ ਵੱਡੀਆਂ ਵੱਡੀਆਂ ਝਾੜੀਆਂ ਕਟਾਉਣ ਸਬੰਧੀ ਵਣ ਰੇਂਜ ਅਫਸਰ ਸਮਰਾਲਾ ਨੂੰ ਮੰਗ ਪੱਤਰ ਦਿੱਤੇ ਗਏ। ਇਨ੍ਹਾਂ ਮੰਗ ਪੱਤਰਾਂ ਸਬੰਧੀ ਦੱਸਦਿਆਂ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪਿਛਲੇ ਸਾਲ ਕਿਸਾਨਾਂ ਵੱਲੋਂ ਸਰਕਾਰ ਦੇ ਕਹਿਣ ਮੁਤਾਬਕ ਹੀ ਪੀ. ਆਰ. 126 ਅਤੇ ਪੀ. ਆਰ. 131 ਅਤੇ ਹਾਈਬ੍ਰਿਡ ਕਿਸਮਾਂ ਦੇ ਝੋਨੇ ਦੀ ਬਿਜਾਈ ਕੀਤੀ ਸੀ ਪਰ ਝੋਨਾ ਵੇਚਣ ਮੌਕੇ ਕਿਸਾਨਾਂ ਦੀ ਸ਼ੈੱਲਰ ਮਾਲਕਾਂ ਵੱਲੋਂ ਫਸਲ ਨੂੰ ਵਰਾਇਟੀ ਦਾ ਬਹਾਨਾ ਬਣਾ ਕੇ ਮੰਡੀਆਂ ਵਿੱਚ ਰੋਲਿਆ ਅਤੇ ਕੱਟ ਦੇ ਨਾਮ ਉਪਰ ਬੜੀ ਵੱਡੀ ਪੱਧਰ ਉੱਤੇ ਆਰਥਿਕ ਲੁੱਟ ਕੀਤੀ ਗਈ। ਜਿਸ ਕਾਰਨ ਪੰਜਾਬ ਦੇ ਸਮੂਹ ਕਿਸਾਨਾਂ ਵਿੱਚ ਕਾਫੀ ਨਿਰਾਸ਼ਾ ਫੈਲ ਗਈ ਸੀ ਅਤੇ ਉਨ੍ਹਾਂ ਨੇ ਇਹ ਹਾਈਬ੍ਰਿਡ ਫਸਲਾਂ ਬੀਜਣ ਤੋਂ ਤੋਬਾ ਕਰ ਲਈ, ਜਦੋਂ ਕਿ ਪੰਜਾਬ ਦੇ ਕਿਸਾਨਾਂ ਨੇ ਸਰਗਾਰ ਦੁਆਰਾ ਦਿੱਤੇ ਬਿਆਨ ਦੇ ਅਧਾਰ ਤੇ ਹੀ ਇਹ ਫਸਲਾਂ ਦੀ ਪੈਦਾਵਾਰ ਕੀਤੀ ਸੀ। ਮੰਗ ਪੱਤਰ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਪੀ. ਏ. ਯੂ. ਵੱਲੋਂ ਲਗਾਏ ਜਾਂਦੇ ਮੇਲਿਆਂ ਵਿੱਚ ਕਿਸਾਨ ਬੀਜ ਖਰੀਦ ਕਰਦੇ ਹਨ ਕਿਸਾਨਾਂ ਦੇ ਬੀਜ ਖਰੀਦ ਕਰਨ ਤੋਂ ਪਹਿਲਾਂ ਪਹਿਲਾਂ ਸਪੱਸ਼ਟ ਕੀਤਾ ਜਾਵੇ ਕਿ ਕਿਸਾਨ ਕਿਹੜੀ ਵਰਾਇਟੀ ਦੀ ਬਿਜਾਈ ਕਰਨ ਅਤੇ ਉਸ ਉਪਰ ਖਰੀਦ ਵੇਲੇ ਕੋਈ ਵੀ ਕੱਟ ਨਹੀਂ ਲਾ ਸਕੇਗਾ। ਇਸ ਤੋਂ ਇਲਾਵਾ ਜ਼ਮੀਨਾਂ ਦੀ ਤਬਦੀਲੀ ਮੌਕੇ ਖੂਨ ਦੇ ਰਿਸ਼ਤੇ ਉੱਤੇ ਟੈਕਸ ਛੋਟ ਜੋ ਪਹਿਲਾਂ ਦਿੱਤੀ ਗਈ ਸੀ, ਉਸ ਸਬੰਧੀ ਲਏ ਫੈਸਲੇ ਤੇ ਗੌਰ ਕਰਕੇ, ਪਹਿਲਾਂ ਵਾਂਗੂੰ ਟੈਕਸ ਨਾ ਲਾਇਆ ਜਾਵੇ। ਮੰਗ ਪੱਤਰ ਪ੍ਰਾਪਤ ਕਰਕੇ ਹੋਏ ਤਹਿਸੀਲਦਾਰ ਸਮਰਾਲਾ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਉਕਤ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਯੋਗ ਕਾਰਵਾਈ ਹਿੱਤ ਭੇਜ ਦਿੱਤਾ ਜਾਵੇਗਾ। ਇਸ ਉਪਰੰਤ ਕਿਸਾਨਾਂ ਦਾ ਵਫਦ ਵਣ ਰੇਂਜ ਅਫਸਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ, ਜਿਸ ਵਿੱਚ ਮੰਗ ਕੀਤੀ ਗਈ ਕਿ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਇਲਾਕੇ ਦੀਆਂ ਸੜਕਾਂ ਜਿਨ੍ਹਾਂ ਵਿੱਚ ਖਾਸ ਕਰਕੇ ਸਰਹਿੰਦ ਨਹਿਰ ਦੇ ਨਾਲ ਬਹਿਲੋਲਪੁਰ ਤੋਂ ਦੋਰਾਹੇ ਤੱਕ ਜਾਂਦੀ ਸੜਕ ਦੇ ਦੋਨੋਂ ਪਾਸੇ ਕਾਫੀ ਵੱਡੀਆਂ ਵੱਡੀਆਂ ਝਾੜੀਆਂ ਉੱਗੀਆਂ ਹੋਈਆਂ ਹਨ, ਜੋ ਵੱਧ ਕੇ ਸੜਕ ਉਪਰ ਆ ਗਈਆਂ ਹਨ, ਜਿਸ ਕਾਰਨ ਆਮ ਰਾਹਗੀਰਾਂ ਖਾਸ ਕਰਕੇ ਸਾਈਕਲ ਅਤੇ ਮੋਟਰ ਸਾਈਕਲ, ਸਕੂਟਰ ਸਵਾਰਾਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਇਹ ਵਧੀਆਂ ਝਾੜੀਆਂ ਵਾਹਨਾਂ ਤੇ ਸਵਾਰ ਲੋਕਾਂ ਦੇ ਮੂੰਹਾਂ ਤੇ ਲੱਗਦੀਆਂ, ਜਿਸ ਕਾਰਨ ਉਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਸਰਹਿੰਦ ਨਹਿਰ ਦੀ ਸੜਕ ਉੱਤੇ ਬਹਿਲੋਲਪੁਰ ਤੋਂ ਗੜ੍ਹੀ ਪੁਲ ਦੇ ਵਿਚਕਾਰ ਸ਼ਰਾਬ ਦੇ ਠੇਕੇ ਵਾਲਿਆਂ ਨੇ ਜੰਗਲਾਤ ਮਹਿਕਮੇ ਦੀ ਥਾਂ ਉਤੋਂ ਮਿੱਟੀ ਹਟਾ ਕੇ ਨਜਾਇਜ ਕਬਜਾ ਕੀਤਾ ਹੋਇਆ ਹੈ, ਇਸ ਥਾਂ ਉੱਤੇ ਕਾਫੀ ਮਿੱਟੀ ਵੀ ਚੁੱਕੀ ਗਈ ਹੈ। ਇਸ ਕੀਤੇ ਨਜਾਇਜ ਕਬਜੇ ਨੂੰ ਤੁਰੰਤ ਹਟਾਇਆ ਜਾਵੇ। ਲੁਧਿਆਣਾ ਤੋਂ ਸਮਰਾਲਾ ਆਉਂਦੀ ਸੜਕ ਉੱਤੇ ਨਵੇਂ ਬੱਸ ਅੱਡੇ ਤੋਂ ਸਮਰਾਲਾ ਥਾਣਾ ਤੱਕ ਮੁੱਖ ਸੜਕ ਉੱਤੇ ਝਾੜੀਆਂ ਸੜਕ ਉਪਰ ਤੱਕ ਆ ਚੁੱਕੀਆਂ ਹਨ, ਜਿਸ ਕਾਰਨ ਇੱਥੇ ਵੀ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ, ਸਟਰੀਟ ਲਾਈਟਾਂ ਜੋ ਲੱਗੀਆਂ ਹੋਈਆਂ ਹਨ, ਉਹ ਵੀ ਇਨ੍ਹਾਂ ਝਾੜੀਆਂ ਅੰਦਰ ਲੁਕੀਆਂ ਹੋਈਆਂ ਹਨ। ਮੰਗ ਪੱਤਰ ਦਿੰਦੇ ਹੋਏ ਕਿਸਾਨਾਂ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਸ ਸਬੰਧੀ ਜੰਗਲਾਤ ਮਹਿਕਮੇਂ ਨੇ ਜਲਦੀ ਕਦਮ ਨਾ ਪੁੱਟੇ ਤਾਂ ਯੂਨੀਅਨ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ। ਮੰਗ ਪੱਤਰ ਦੇਣ ਮੌਕੇ ਵਫਦ ਵਿੱਚ ਮਨਪੀ੍ਰਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਕਰਮਜੀਤ ਸਿੰਘ ਬੌਂਦਲੀ, ਜਗਮੋਹਨ ਸਿੰਘ ਬੌਂਦਲੀ, ਨੇਤਰ ਸਿੰਘ ਉਟਾਲਾਂ, ਮੇਜਰ ਸਿੰਘ ਉਟਾਲਾਂ, ਕੁਲਵੀਰ ਸਿੰਘ ਘੁਲਾਲ, ਭੋਲਾ ਸਿੰਘ ਸਹਿਜੋ ਮਾਜਰਾ, ਤਰਸੇਮ ਸਿੰਘ ਘੁਲਾਲ, ਮਨਵੀਰ ਸਿੰਘ ਮਾਦਪੁਰ, ਜਗਜੀਵਨ ਸਿੰਘ ਰੋਹਲੇ, ਨਛੱਤਰ ਸਿੰਘ ਰੋਹਲੇ, ਨਿਰਮਲ ਸਿੰਘ ਰੋਹਲੇ, ਮੰਗੀ ਰੋਹਲੇ, ਲਵਪ੍ਰੀਤ ਸਿੰਘ ਬਾਲਿਓਂ, ਘੁੱਲਾ ਸਿੰਘ ਬਾਲਿਓਂ ਆਦਿ ਹਾਜਰ ਸਨ।

ਪਹਿਲਾ ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ ‘ਕਹਾਣੀਕਾਰ ਕ੍ਰਿਪਾਲ ਕਜ਼ਾਕ ਨੂੰ
ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ 16 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਸੁਖਜੀਤ ਯਾਦਗਾਰੀ ਸਮਾਗਮ –ਐਡਵੋਕੇਟ ਨਰਿੰਦਰ ਸ਼ਰਮਾ
ਸਮਰਾਲਾ, 12 ਫਰਵਰੀ ( ਵਰਿੰਦਰ ਸਿੰਘ ਹੀਰਾ)
ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਬਾਨੀ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਯਾਦ ਨੂੰ ਸਮਰਪਿਤ ‘ਪਹਿਲਾ ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ (2024-25)’ ਮਾਂ ਬੋਲੀ ਪੰਜਾਬੀ ਦੇ ਸਰ-ਬੁਲੰਦ ਮਲਵਈ ਪੁੱਤਰ ਕਿਰਪਾਲ ਕਜ਼ਾਕ ਨੂੰ 16 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਵਿਖੇ ਯਾਦਗਾਰੀ ਸਮਾਗਮ ਦੌਰਾਨ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ, ਜਨਰਲ ਸਕੱਤਰ ਯਤਿੰਦਰ ਕੌਰ ਮਾਹਲ ਅਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਗੁਰਭਜਨ ਸਿੰਘ ਗਿੱਲ, ਜੰਗ ਬਹਾਦਰ ਗੋਇਲ, ਗੀਤਕਾਰ ਸਮਸ਼ੇਰ ਸੰਧੂ, ਬਲਵਿੰਦਰ ਸਿੰਘ ਗਰੇਵਾਲ ਅਤੇ ਪ੍ਰਵੇਸ਼ ਸ਼ਰਮਾ ਕਰਨਗੇ। ਸਮਾਗਮ ਵਿੱਚ ਮੁੱਖ ਬੁਲਾਰੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਡਾ. ਪਰਮਜੀਤ ਹੋਣਗੇ, ਜੋ ਕਹਾਣੀਕਾਰ ਸੁਖਜੀਤ ਦੇ ਸਾਹਿਤਕ ਜੀਵਨ ਸਬੰਧੀ ਗੱਲ ਕਰਨਗੇ। ਇਸ ਮੌਕੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦੀਆਂ ਪੰਜਾਬੀ ਅਤੇ ਅੰਗਰੇਜ਼ੀ ਮਾਧਿਅਮ ਵਿੱਚ ਲਿਖੀਆਂ ਦੋ ਪੁਸਤਕਾਂ ‘ਸੁਖਜੀਤ ਦੀਆਂ ਕਹਾਣੀਆਂ ਪੜ੍ਹਦਿਆਂ’ ਲੋਕ ਅਰਪਣ ਕੀਤੀਆਂ ਜਾਣਗੀਆਂ। ਇਸ ਸਮਾਗਮ ਲਈ ਸਭਾ ਨਾਲ ਜੁੜੇ ਪ੍ਰਵਾਸੀ ਮੈਂਬਰ ਦਲਜਿੰਦਰ ਸਿੰਘ ਰਹਿਲ ਇਟਲੀ, ਨਵਦੀਪ ਸਿੰਘ ਕੈਨੇਡਾ ਅਤੇ ਬਲਵਿੰਦਰ ਸਿੰਘ ਚਾਹਲ ਇਟਲੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਐਡਵੋਕੇਟ ਨਰਿੰਦਰ ਸ਼ਰਮਾ ਨੇ ਇਲਾਕੇ ਦੀਆਂ ਸਮੂਹ ਸਾਹਿਤਕ ਸਭਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਕਹਾਣੀ ਜਗਤ ਦੇ ਸਿਰਮੌਰ ਕਹਾਣੀਕਾਰ ਦੀ ਯਾਦ ਵਿੱਚ ਕੀਤੇ ਜਾ ਰਹੇ ਸਨਮਾਨ ਸਮਾਰੋਹ ਵਿੱਚ ਹਾਜ਼ਰੀ ਭਰਨ।

ਬੌਂਦਲੀ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ।
ਸਮਰਾਲਾ, 10 ਫਰਵਰੀ ( ਵਰਿੰਦਰ ਸਿੰਘ ਹੀਰਾ)
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਵਸ ਜੋ ਪੂਰੇ ਦੇਸ਼ ਭਰ ਵਿੱਚ ਭਲਕੇ 12 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਪਿੰਡ ਬੌਂਦਲੀ ਵਿਖੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਵਿਸ਼ਾਲ ਨਗਰ ਕੀਰਤਨ ਗੁਰੁਦੁਆਰਾ ਸ੍ਰੀ ਰਵਿਦਾਸ ਜੀ ਤੋਂ ਸ਼ੁਰੂ ਹੋਇਆ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਨੂੰ ਫੁੱਲਾਂ ਨਾਲ ਸਜਾਈ ਪਾਲਕੀ ਵਿੱਚ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆ ਨੇ ਕੀਤੀ। ਜਿਨ੍ਹਾਂ ਦੇ ਅੱਗੇ ਗੱਤਕਾ ਪਾਰਟੀਆਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ। ਵੱਖ ਵੱਖ ਕੀਰਤਨੀ ਜਥਿਆਂ ਜਿਨ੍ਹਾਂ ਵਿੱਚ ਰਾਗੀ ਰਣਜੀਤ ਸਿੰਘ ਸਮਰਾਲਾ ਵਾਲੇ ਜਥੇ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ। ਇਹ ਨਗਰ ਕੀਰਤਨ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਛੋਟਾ ਅਤੇ ਵੱਡਾ ਪਾਸਾ ਦੇ ਗੁਰਦਵਾਰਿਆਂ ਦੇ ਨਤਮਸਤਕ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਰਵਿਦਾਸ ਵਿਖੇ ਸਮਾਪਤ ਹੋਇਆ। ਰਸਤੇ ਵਿੱਚ ਸੰਗਤਾਂ ਨੇ ਥਾਂ ਥਾਂ ਤੇ ਚਾਹ ਪਾਣੀ ਅਤੇ ਬਿਸਕੁੱਟ, ਸਮੋਸੇ,ਪਕੌੜੇ ਦੇ ਲੰਗਰ ਲਗਾਏ ਹੋਏ ਸਨ ਅਤੇ ਲੋਕਾਂ ਨੇ ਬੜੀ ਸ਼ਰਧਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਮੱਥਾ ਟੇਕਿਆ ਅਤੇ ਲੰਗਰ ਛਕਿਆ। ਅੱਜ ਦੇ ਨਗਰ ਕੀਰਤਨ ਵਿੱਚ ਮੁੱਖ ਪ੍ਰਬੰਧਕ ਜਿਨ੍ਹਾਂ ਵਿੱਚ ਮੋਹਣ ਸਿੰਘ, ਰਾਜਵੀਰ ਸਿੰਘ ਨੀਨਾ, ਭਗਵੰਤ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਹਰੀਦਾਸ, ਗੁਰਬਚਨ ਸਿੰਘ, ਸਤਨਾਮ ਸਿੰਘ, ਪਲਵਿੰਦਰ ਸਿੰਘ ਪੰਚ, ਪ੍ਰੀਤਮ ਸਿੰਘ ਸਾਬਕਾ ਪੰਚ, ਹਰਨੇਕ ਸਿੰਘ, ਸੁਰਜੀਤ ਸਿੰਘ, ਖੁਸ਼ੀ ਰਾਮ, ਗੁਰਜੀਤ ਸਿੰਘ, ਕੁਲਜਿੰਦਰ ਸਿੰਘ, ਅਮਰੀਕ ਸਿੰਘ, ਬਿੰਦਰ ਸਿੰਘ, ਬਲਦੇਵ ਸਿੰਘ, ਦਲਵੀਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਨਰਾਤਾ ਸਿੰਘ, ਸੋਹਣ ਸਿੰਘ, ਗੁਰਪ੍ਰੀਤ ਕੌਰ ਪੰਚ, ਵਿੱਕੀ, ਕੁਲਵੀਰ ਸਿੰਘ ਬਚੀ, ਮਨਦੀਪ ਸਿੰਘ, ਗੁਰਦੀਪ ਸਿੰਘ ਕੈੜੇ, ਸੁੱਖਾ, ਰਾਜਾ, ਸੱਤਾ, ਵਿੰਦਰੀ, ਗੋਲਡੀ, ਗੁਰਤੇਜ, ਪ੍ਰਭਪ੍ਰੀਤ, ਹਰਬੰਸ ਸਿੰਘ, ਨੇਕ ਸਿੰਘ, ਆਦਿ ਨੇ ਪੂਰੀ ਤਨਦੇਹੀ ਨਾਲ ਸੇਵਾ ਕੀਤੀ।

ਪਾਵਰਕਾਮ ਪੈਨਸ਼ਨਰਜ਼ ਵੱਲੋਂ ਮਾਸਿਕ ਮੀਟਿੰਗ ਦੌਰਾਨ ਭਵਿੱਖੀ ਸੰਘਰਸ਼ਾਂ ਦੀ ਰੂਪਰੇਖਾ ਉਲੀਕੀ ।
ਜੇਕਰ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਇਸਦਾ ਹਸ਼ਰ ਵੀ ਦਿੱਲੀ ਵਾਲਾ ਹੋਵੇਗਾ – ਸਕਿੰਦਰ ਸਿੰਘ ਪ੍ਰਧਾਨ
ਸਮਰਾਲਾ, 10 ਫਰਵਰੀ ( ਵਰਿੰਦਰ ਸੀਂ ਹੀਰਾ )
ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਸਕਿੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਸਮਰਾਲਾ ਵਿਖੇ ਹੋਈ। ਜਿਸ ਵਿੱਚ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮਸਲਿਆਂ ਤੇ ਆਉਣ ਵਾਲੇ ਸੰਘਰਸ਼ਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ਦੇ ਸ਼ੁਰੂ ਹੋਣ ਤੇ ਵਿਛੜ ਗਏ ਸਾਥੀਆਂ/ਪਰਿਵਾਰਕ ਮੈਂਬਰਾਂ ਵਿੱਚ ਗੁਰਚਰਨ ਕੌਰ ਢਿੱਲੋਂ ਪਤਨੀ ਸਵ: ਦਲਜੀਤ ਸਿੰਘ ਢਿੱਲੋਂ ਸਾਬਕਾ ਡਿਪਟੀ ਚੀਫ ਇੰਜੀ:, ਸੁਰਿੰਦਰ ਗੁਪਤਾ ਦੀ ਮਾਤਾ ਪੁਸ਼ਪਾ ਦੇਵੀ, ਪ੍ਰੇਮ ਕੁਮਾਰ ਲਾਈਨਮੈਨ ਸਮਰਾਲਾ ਦੀ ਭਰਜਾਈ, ਚਰਨਜੀਤ ਸਿੰਘ ਲਖਣਪੁਰ, ਰਾਕੇਸ਼ ਕੁਮਾਰ ਮਾਛੀਵਾੜਾ ਦੀ ਵੱਡੀ ਭਰਜਾਈ ਅਤੇ ਵੱਡਾ ਭਰਾ ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸਕਿੰਦਰ ਸਿੰਘ ਪ੍ਰਧਾਨ ਨੇ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਵਾਰ ਵਾਰ ਪੈਨਸ਼ਨਰਾਂ ਨੂੰ ਮੀਟਿੰਗਾਂ ਲਈ ਸਮਾਂ ਦੇ ਕੇ ਮੁਕਰ ਰਹੇ ਹਨ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਜਿਨ੍ਹਾਂ ਵਿੱਚ ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ 31- 12-2015 ਤੋਂ ਪਹਿਲਾਂ ਦੇ ਰਿਟਾਇਰ ਹੋਏ ਪੈਨਸ਼ਨਰਾਂ ਨੂੰ 2.59 ਦੇ ਫਾਰਮੂਲੇ ਅਨੁਸਾਰ ਪੈਨਸ਼ਨ ਦੀ ਸੁਧਾਈ ਕਰਨਾ, ਮੈਡੀਕਲ ਕੈਸ਼ਲੈਸ ਸਕੀਮ ਚਾਲੂ ਕਰਨਾ, ਪੇ ਸਕੇਲ ਦੇ ਬਕਾਏ ਦੇਣੇ, ਮੈਡੀਕਲ ਭੱਤਾ 2000 ਕਰਨਾ, ਡੀ. ਏ. ਦੀਆਂ ਪੈਡਿੰਗ ਕਿਸਤਾਂ ਜਾਰੀ ਕਰਨਾ ਅਤੇ ਏਰੀਅਰ ਦੇਣਾ, ਬਿਜਲੀ ਵਰਤੋਂ ਵਿੱਚ ਰਿਆਇਤ ਦੇਣ ਸਬੰਧੀ ਆਦਿ ਮੰਗਾਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦਾ ਇਹੀ ਵਤੀਰਾ ਜਾਰੀ ਰਿਹਾ ਤਾਂ ਭਵਿੱਖ ਵਿੱਚ ਪੰਜਾਬ ਬਾਡੀ ਵੱਲੋਂ ਉਲੀਕੇ ਗਏ ਸੰਘਰਸ਼ਾਂ ਦੇ ਰੂਪ ਵਿੱਚ ਮਾਰਚ ਮਹੀਨੇ ਵਿੱਚ ਸੂਬਾ ਪੱਧਰੀ ਧਰਨਾ ਪਟਿਆਲਾ ਵਿਖੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਮਹੀਨੇ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਸਾਂਝੇ ਰੂਪ ਵਿੱਚ ਸਥਾਨਕ ਵਿਧਾਇਕਾਂ ਨੂੰ ਮੰਗਾਂ ਪ੍ਰਤੀ ਮੰਗ ਪੱਤਰ ਦਿੱਤੇ ਜਾਣਗੇ ਅਤੇ ਸਮਰਾਲਾ ਮੰਡਲ ਦੀ ਚੋਣ 13 ਮਾਰਚ ਨੂੰ ਸਵੇਰੇ 9:00 ਵਜੇ ਘੁਲਾਲ ਮੰਡਲ ਵਿਖੇ ਹੋਵੇਗੀ। ਇਸ ਚੋਣ ਦੌਰਾਨ 75 ਸਾਲ ਦੇ ਪੁਰਸ਼ ਅਤੇ 73 ਸਾਲ ਦੀਆਂ ਔਰਤਾਂ ਜੋ ਜਥੇਬੰਦੀ ਦੇ ਮੈਂਬਰ ਹਨ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸਦੀ ਕਟ ਆਫ ਡੇਟ 31 ਦਸੰਬਰ 2025 ਤੱਕ ਰੱਖੀ ਗਈ। ਇਸ ਲਈ ਅਗਲੇ ਮਹੀਨੇ ਦੀ ਮਾਸਿਕ ਮੀਟਿੰਗ 13 ਮਾਰਚ ਨੂੰ ਹੀ ਘੁਲਾਲ ਵਿਖੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਾਰਚ ਮਹੀਨੇ ਦੌਰਾਨ ਸਰਕਲ ਅਤੇ ਸੂਬਾ ਪੱਧਰੀ ਚੋਣਾਂ ਵੀ ਮੁਕੰਮਲ ਕੀਤੀਆਂ ਜਾਣਗੀਆਂ। ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਪ੍ਰਮੁੱਖ ਤੌਰ ਤੇ ਇੰਜ: ਪ੍ਰੇਮ ਸਿੰਘ ਸਾਬਕਾ ਐਸ. ਡੀ. ਓ., ਰਜਿੰਦਰ ਪਾਲ ਵਡੇਰਾ ਸਾਬਕਾ ਡਿਪਟੀ ਸੀ. ਏ. ਓ., ਇੰਜ: ਦਰਸ਼ਨ ਸਿੰਘ ਖਜਾਨਚੀ, ਜਗਤਾਰ ਸਿੰਘ ਪ੍ਰੈਸ ਸਕੱਤਰ, ਪ੍ਰੇਮ ਕੁਮਾਰ ਸਰਕਲ ਆਗੂ, ਭੁਪਿੰਦਰਪਾਲ ਸਿੰਘ ਚਹਿਲਾਂ, ਸੁਰਜੀਤ ਵਿਸ਼ਾਦ, ਹਰਪਾਲ ਸਿੰਘ ਸਿਹਾਲਾ, ਪ੍ਰੇਮ ਚੰਦ ਭਲਾ ਲੋਕ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਇੰਜ: ਪ੍ਰੇਮ ਸਿੰਘ ਸਾਬਕਾ ਐਸ. ਡੀ. ਓ. ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਨੇ ਮੀਟਿੰਗ ਵਿੱਚ ਆਏ ਪੈਨਸ਼ਨਰਜ਼ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸਮਰਾਲਾ ਮੰਡਲ ਦੇ ਸਮੂਹ ਪੈਨਸ਼ਨਰਾਂ ਵਿਸ਼ੇਸ਼ ਕਰਕੇ ਔਰਤ ਮੈਂਬਰਾਂ ਨੂੰ ਅਪੀਲ ਕੀਤੀ ਕਿ 13 ਮਾਰਚ ਨੂੰ ਘੁਲਾਲ ਵਿਖੇ ਹੋਣ ਵਾਲੀ ਚੋਣ ਅਤੇ ਸਨਮਾਨ ਸਮਾਰੋਹ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੈਨਸ਼ਨਰਾਂ ਦੀਆਂ ਜਾਇਜ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਰਕਾਰ ਦਾ ਹਸ਼ਰ ਵੀ ਦਿੱਲੀ ਵਾਲਾ ਹੋਵੇਗਾ।

ਪੰਜਾਬ ਸਰਕਾਰ ਦੀ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਵੱਲ ਵੱਡੀ ਪੁਲਾਂਘ, ਸਵਾ ਮਹੀਨੇ ’ਚ 24 ਕਿਲੋਮੀਟਰ ਲੰਮੀ ਸੈਕੰਡ ਪਟਿਆਲਾ ਫੀਡਰ ਪੱਕੀ ਕਰਕੇ ਬਣਾਇਆ ਨਵਾਂ ਰਿਕਾਰਡ।
-ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵੱਲੋਂ ਸੈਕੰਡ ਪਟਿਆਲਾ ਫੀਡਰ ਦੇ 36 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਹੋਏ 24 ਕਿਲੋਮੀਟਰ ਹਿੱਸੇ ਦਾ ਉਦਘਾਟਨ ।
-ਸੈਕੰਡ ਪਟਿਆਲਾ ਫੀਡਰ ਪੱਕੇ ਹੋਣ ਨਾਲ ਪਾਣੀ ਦੀ ਸਮਰੱਥਾ 900 ਕਿਊਸਿਕ ਤੋਂ ਵੱਧਕੇ 1617 ਕਿਊਸਿਕ ਹੋਈ : ਜਲ ਸਰੋਤ ਮੰਤਰੀ।
-42 ਕਰੋੜ ਦੀ ਲਾਗਤ ਨਾਲ ਹੋਣ ਵਾਲਾ ਕੰਮ 36 ਕਰੋੜ ਰੁਪਏ ’ਚ ਹੀ ਕੀਤਾ ਮੁਕੰਮਲ।
-ਪਟਿਆਲਾ ਸੈਕੰਡ ਫੀਡਰ ਨਹਿਰ ਦੇ ਪੱਕਾ ਹੋਣ ਨਾਲ ਪਟਿਆਲਾ, ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਦੇ ਜ਼ਿਲ੍ਹਿਆਂ ਦੀ ਕਰੀਬ 4 ਲੱਖ ਏਕੜ ਜ਼ਮੀਨ ਨੂੰ ਮਿਲਿਆ ਨਹਿਰੀ ਪਾਣੀ : ਬਰਿੰਦਰ ਗੋਇਲ।
-ਕਿਹਾ, ਨਹਿਰੀ ਪਾਣੀ ਦੀ ਵਰਤੋਂ 68 ਪ੍ਰਤੀਸ਼ਤ ਤੋਂ ਵਧਾਕੇ 84 ਪ੍ਰਤੀਸ਼ਤ ਤੱਕ ਕੀਤੀ, ਜਲਦੀ 100 ਫ਼ੀਸਦੀ ਤੱਕ ਕੀਤੀ ਜਾਵੇਗੀ।
ਜੌੜੇ ਪੁਲ/ਪਾਇਲ , 7 ਫਰਵਰੀ ( ਵਰਿੰਦਰ ਸਿੰਘ ਹੀਰਾ)
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਵੱਲ ਇੱਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਸੂਬੇ ਦੇ ਚਾਰ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਵਾਲੀ ਸੈਕੰਡ ਪਟਿਆਲਾ ਫੀਡਰ ਨਹਿਰ ਦੇ 24 ਕਿਲੋਮੀਟਰ ਹਿੱਸੇ ਨੂੰ ਰਿਕਾਰਡ ਸਮੇਂ (ਸਵਾ ਮਹੀਨਾ) ਵਿੱਚ ਪੂਰਾ ਕਰਕੇ ਸੂਬਾ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਅੱਜ ਇਥੇ ਜੌੜੇਪੁਲ ਵਿਖੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸੈਕੰਡ ਪਟਿਆਲਾ ਫੀਡਰ ਨਹਿਰ ਦੇ ਮੁਕੰਮਲ ਹੋਏ (ਲਾਇਨਿੰਗ/ਰੀਹੈਬਲੀਟੇਸ਼ਨ) ਕੰਮ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਨਹਿਰ ਦੇ ਪੱਕਾ ਹੋਣ ਨਾਲ ਪਟਿਆਲਾ ਸਮੇਤ ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਜ਼ਿਲ੍ਹਿਆਂ ਦੇ 10 ਬਲਾਕਾਂ ਦੀ ਕਰੀਬ 4 ਲੱਖ ਏਕੜ ਜ਼ਮੀਨ ਨੂੰ 1617 ਕਿਊਸਿਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ, ਜੋ ਕਿ ਪਹਿਲਾਂ 900 ਕਿਊਸਿਕ ਪਾਣੀ ਮਿਲਦਾ ਸੀ। ਉਨ੍ਹਾਂ ਕਿਹਾ 42 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲਾ ਇਹ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਵੱਲੋਂ 36 ਕਰੋੜ ਰੁਪਏ ਵਿੱਚ ਹੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦਿਨਾਂ ਦੇ ਕੰਮਾਂ ਨੂੰ ਸਾਲਾਂ ਵਿੱਚ ਕਰਵਾਉਂਦੀਆਂ ਸਨ ਤੇ ਲਾਗਤ ਅੰਦਾਜ਼ੇ ਨਾਲੋਂ ਕਈ ਗੁਣਾਂ ਵੱਧ ਬਣਾਉਂਦੀਆਂ ਸਨ, ਉਥੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲਾਂ ਵਿੱਚ ਹੋਣ ਵਾਲਾ ਕੰਮ ਸਵਾ ਮਹੀਨੇ ਵਿੱਚ ਅਤੇ ਖਰਚ ਵੀ ਅੰਦਾਜ਼ਨ ਲਾਗਤ ਨਾਲੋਂ 6 ਕਰੋੜ ਘੱਟ ਕਰਕੇ ਸੂਬਾ ਵਾਸੀਆਂ ਦੀਆਂ ਆਸਾ ਨੂੰ ਪੂਰਾ ਕੀਤਾ ਹੈ।
ਜਲ ਸਰੋਤ, ਖਨਣ ਤੇ ਜੀਓਲੋਜੀ ਅਤੇ ਭੂਮੀ ਤੇ ਜਲ ਰੱਖਿਆ ਵਿਭਾਗਾਂ ਦੇ ਮੰਤਰੀ ਬਰਿੰਦਰ ਗੋਇਲ ਨੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਜਿਥੇ ਸੂਬੇ ਦੇ ਕਈ ਖੇਤਰਾਂ ਵਿੱਚ ਪਿਛਲੇ 40 ਸਾਲਾਂ ਤੋਂ ਨਹਿਰੀ ਪਾਣੀ ਨਹੀਂ ਲੱਗਿਆ ਸੀ, ਉਥੇ ਕਿਸਾਨ ਹਿਤਾਇਸ਼ੀ ਸਰਕਾਰ ਨੇ ਕੁਝ ਮਹੀਨਿਆਂ ਅੰਦਰ ਹੀ ਪਾਣੀ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਮਜ਼ਬੂਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਡੈਮਾਂ ਤੋਂ ਮਿਲਣ ਵਾਲੇ ਪਾਣੀ ਵਿੱਚੋਂ ਅਸੀਂ ਕਰੀਬ 68 ਪ੍ਰਤੀਸ਼ਤ ਵਰਤੋਂ ਕਰਦੇ ਸੀ ਅਤੇ 38 ਫ਼ੀਸਦੀ ਪਾਣੀ ਵਿਅਰਥ ਜਾ ਰਿਹਾ ਸੀ, ਜੋ ਸਾਡੀ ਸਰਕਾਰ ਵੱਲੋਂ ਪਿਛਲੇ ਕਰੀਬ ਤਿੰਨ ਸਾਲਾਂ ਵਿੱਚ ਇਹ 84 ਫ਼ੀਸਦੀ ਵਰਤੋਂ ਵਿੱਚ ਲਿਆਂਦਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ 100 ਪ੍ਰਤੀਸ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਕਰਨ ਨਾਲ ਜ਼ਮੀਨੀ ਪਾਣੀ ਦਾ ਪੱਧਰ ਉੱਪਰ ਉਠਦਾ ਹੈ, ਇਸ ਲਈ ਕਿਸਾਨ ਵੀ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰਨ ਕਿਉਂਕਿ ਇਸ ਨਾਲ ਹੋਣ ਵਾਲੀ ਫ਼ਸਲ ਤੰਦਰੁਸਤ ਹੋਣ ਸਮੇਤ ਬਿਜਲੀ ਦੀ ਖਪਤ ਵੀ ਨਹੀਂ ਕਰਨੀ ਪੈਂਦੀ।
ਇਸ ਮੌਕੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਅਮਰਗੜ੍ਹ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਮਾਲੇਰਕੋਟਲਾ ਸਾਕਬ ਅਲੀ ਰਾਜਾ, ਸਿੰਚਾਈ ਵਿਭਾਗ ਦੇ ਨਿਗਰਾਨ ਇੰਜੀਨੀਅਰ ਸੁਖਜੀਤ ਸਿੰਘ ਭੁੱਲਰ, ਲਹਿਲ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਕਿਰਨਦੀਪ ਕੌਰ, ਐਸ.ਡੀ.ਓਜ ਅਸ਼ੀਸ਼ ਕੁਮਾਰ ਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।