
ਸੜਕਾਂ ਦੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਆਪਣੇ ਹੱਕੀ ਸੰਘਰਸ਼ ਤੋਂ ਰੋਕਣਾ ਪੰਜਾਬ ਸਰਕਾਰ ਦੀ ਵੱਡੀ ਭੁੱਲ – ਮਨਜੀਤ ਸਿੰਘ ਢੀਂਡਸਾ
ਬੀ. ਕੇ. ਯੂ. (ਲੱਖੋਵਾਲ) ਅਤੇ ਹੋਰ ਯੂਨੀਅਨਾਂ ਦੇ ਹਜਾਰਾਂ ਕਾਰਕੁੰਨਾਂ ਨੂੰ ਹੇਡੋਂ ਵਿਖੇ ਬੈਰੀਕੇਡ ਲਗਾ ਕੇ ਰੋਕਣਾ ਲੋਕਤੰਤਰ ਦਾ ਹੋਇਆ ਘਾਣ।
ਸਮਰਾਲਾ ,05 ਮਾਰਚ ( ਵਰਿੰਦਰ ਸਿੰਘ ਹੀਰਾ) ਪੰਜਾਬ ਸਰਕਾਰ ਦੁਆਰਾ ਮਾੜੇ ਹੱਥਕੰਡੇ ਅਪਣਾ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਚੰਡੀਗੜ੍ਹ ਧਰਨੇ ’ਤੇ ਜਾਣ ਤੋਂ ਰੋਕਣਾ, ਥਾਣਿਆਂ ਵਿੱਚ ਬੰਦ ਕਰਨਾ ਜਾਂ ਘਰ ਵਿੱਚ ਹੀ ਨਜ਼ਰਬੰਦ ਕਰਨਾ, ਕਿਸਾਨ ਆਗੂਆਂ ਦੇ ਫੋਨ ਆਦਿ ਕਬਜੇ ਵਿੱਚ ਲੈਣਾ ਸਰਾਸਰ ਧੱਕਾ ਹੈ, ਜਿਸਨੂੰ ਪੰਜਾਬ ਦੇ ਕਿਸਾਨ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਧਰਨੇ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਆਗੂਆਂ ਨੂੰ ਪੰਜਾਬ ਪੁਲਿਸ ਤੰਗ ਪ੍ਰੇਸ਼ਾਨ ਕਰ ਰਹੀ ਹੈ। 80, 90 ਸਾਲ ਤੋਂ ਬਜ਼ੁਰਗ ਲੀਡਰਾਂ ਨੂੰ ਬਿਨਾਂ ਕਿਸੇ ਕੇਸ ਤੋਂ ਅੱਧੀ ਰਾਤ ਨੂੰ ਚੁੱਕਣਾ ਅਤੇ ਥਾਣੇ ਲਿਆ ਕੇ ਬੰਦ ਕਰਨਾ ਸਰਾਸਰ ਧੱਕਾ ਹੈ। ਪਰੰਤੂ ਪਿੰਡਾਂ ਦੇ ਕਿਸਾਨ, ਮਜ਼ਦੂਰ ਦੁਕਾਨਦਾਰ ਵਰਗ ਸਰਕਾਰ ਦੇ ਧੱਕੇ ਅਤੇ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਸਗੋਂ ਵੱਧ ਚੜ ਕੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਕਾਰਾਂ, ਬੱਸਾਂ, ਟਰੈਕਟਰਾਂ ਰਾਹੀਂ ਚੰਡੀਗੜ੍ਹ ਨੂੰ ਰਵਾਨਾ ਹੋਣੇ ਹਨ। ਸਰਕਾਰ ਨੇ ਹਰੇਕ ਸ਼ਹਿਰ ਦੇ ਬਾਹਰ ਬੈਰੀਕੇਡ ਕਰਕੇ ਆਮ ਪਬਲਿਕ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ ਲਈ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸ਼ਨ ਦੁਆਰਾ ਧੱਕਾ ਕਰਕੇ ਜਥੇਬੰਦੀਆਂ ਨੂੰ ਸੰਘਰਸ਼ ਦੇ ਰਸਤੇ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ, ਜਿੰਨੀ ਵੀ ਸਰਕਾਰ ਸਖ਼ਤੀ ਕਰੇਗੀ ਉਨਾਂ ਹੀ ਆਮ ਲੋਕਾਂ ਦੀ ਹਮਦਰਦੀ ਕਿਸਾਨਾਂ ਨਾਲ ਵਧੇਗੀ। ਜੇਕਰ ਸਰਕਾਰ ਸਹੀ ਕੰਮ ਕਰਦੀ ਹੈ ਤਾਂ ਕਿਸੇ ਵੀ ਮਹਿਕਮੇ ਅਤੇ ਕਿਸਾਨ ਜਥੇਬੰਦੀ ਨੂੰ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਹੀ ਨਹੀਂ ਪੈਂਦੀ। ਕਿਸਾਨ ਵੀ ਸ਼ਾਂਤੀ ਨਾਲ ਘਰ ਆਪਣਾ ਖੇਤੀ ਦਾ ਧੰਦਾ ਕਰਨ, ਜੇਕਰ ਸਮੇਂ ਸਿਰ ਉਨ੍ਹਾਂ ਨੂੰ ਫਸਲ ਦੀ ਬਿਜਾਈ ਕਰਨ ਬੀਜ, ਖਾਦ, ਕੀੜੇ ਮਾਰ ਦਵਾਈਆਂ ਆਦਿ ਸਮੇਂ ਸਿਰ ਮਿਲਣ ਅਤੇ ਵਿਕਰੀ ਸਮੇਂ ਸਿਰ ਹੋਵੇ। ਪੰਜਾਬ ਸਰਕਾਰ ਦੀ ਬੁਖਲਾਹਟ ਸਾਹਮਣੇ ਆ ਚੁੱਕੀ ਹੈ, ਜਦੋਂ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੇ ਪਿੰਡ ਹੇਡੋਂ ਵਿਖੇ ਪੁਲਿਸ ਦੁਆਰਾ ਵੱਡੇ ਵੱਡੇ ਬੈਰੀਕੇਡ ਲਗਾ ਕੇ ਕਿਸਾਨਾਂ ਦੀਆਂ ਟਰਾਲੀਆਂ ਰੋਕ ਲਈ ਅਤੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਲਈ ਰਸਤਾ ਨਹੀਂ ਦਿੱਤਾ। ਜਿਸ ਦੇ ਰੋਸ ਵਜੋਂ ਕਿਸਾਨ ਉੱਥੇ ਹੀ ਧਰਨਾ ਲਗਾ ਕੇ ਬੈਠ ਗਏ। ਬਾਕੀ ਜੋ ਸੰਯੁਕਤ ਮੋਰਚੇ ਦਾ ਫੈਸਲਾ ਹੋਵੇਗਾ, ਉਸ ਅਨੁਸਾਰ ਵੱਖ ਵੱਖ ਕਿਸਾਨ ਯੂਨੀਅਨਾਂ ਕੰਮ ਕਰਨਗੀਆਂ, ਜੇਕਰ ਚੰਡੀਗੜ੍ਹ ਪੁੱਜਣ ਦਾ ਹੁਕਮ ਹੋਇਆ ਤਾਂ ਕਿਸਾਨ ਕਿਸੇ ਵੀ ਕੀਮਤ ਉੱਤੇ ਨਹੀਂ ਰੁਕਣਗੇ, ਉਹ ਕਿਸੇ ਵੀ ਤਰ੍ਹਾਂ ਦੀਆਂ ਰੋਕਾਂ ਦੀ ਪ੍ਰਵਾਹ ਨਹੀਂ ਕਰਨਗੇ।