ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਕੇ ਕੀਤਾ ਜਾਵੇਗਾ ਰੋਸ ਪ੍ਰਗਟ
ਕੇਂਦਰ ਸਰਕਾਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਰਾਹੀਂ ਕਾਲੇ ਕਾਨੂੰਨਾਂ ਨੂੰ ਮੁੜ ਕਿਸਾਨਾਂ ਸਿਰ ਥੋਪਿਆ ਜਾਵੇਗਾ – ਭੱਟੀਆਂ/ ਢੀਂਡਸਾ/ਬਾਲਿਓਂ
ਸਮਰਾਲਾ 22 ਜਨਵਰੀ ( ਵਰਿੰਦਰ ਸਿੰਘ ਹੀਰਾ)
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 26 ਜਨਵਰੀ ਨੂੰ ਸਮੁੱਚੇ ਦੇਸ਼ ਵਿੱਚ ਗਣਤੰਤਰ ਦਿਵਸ ਮੌਕੇ ਪੂਰੇ ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਰੋਸ ਵਜੋਂ ਟਰੈਕਟਰ ਮਾਰਚ ਕੱਢੇ ਜਾਣਗੇ। ਇਸ ਸਬੰਧ ਵਿੱਚ ਅੱਜ ਸਮਰਾਲਾ ਵਿਖੇ ਵੱਖ ਵੱਖ ਕਿਸਾਨ ਜਥੇਬੰਦੀਆਂ ਬੀ. ਕੇ. ਯੂ. (ਕਾਦੀਆਂ), ਬੀ. ਕੇ. ਯੂ. (ਰਾਜੇਵਾਲ) ਅਤੇ ਬੀ. ਕੇ. ਯੂ. (ਲੱਖੋਵਾਲ) ਦੀ ਸੁਖਵਿੰਦਰ ਸਿੰਘ ਭੱਟੀਆਂ ਸੂਬਾ ਮੀਤ ਪ੍ਰਧਾਨ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਅਤੇ ਮੋਹਣ ਸਿੰਘ ਬਾਲਿਓਂ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਤਿੰਨਾਂ ਯੂਨੀਅਨਾਂ ਨੇ ਮਤਾ ਪਾਸ ਕੀਤਾ ਗਿਆ ਸਮਰਾਲਾ ਹਲਕੇ ਦੇ ਸਮੂਹ ਕਿਸਾਨ ਅਤੇ ਮਜ਼ਦੂਰ ਆਪਣਾ ਰੋਸ ਪ੍ਰਗਟ ਕਰਨ ਲਈ ਮਾਲਵਾ ਕਾਲਜ ਬੌਂਦਲੀ ਦੇ ਸਟੇਡੀਅਮ ਤੋਂ ਟਰੈਕਟਰਾਂ ਰਾਹੀਂ ਆਪਣਾ ਰੋਸ ਮਾਰਚ ਅਰੰਭ ਕਰਨਗੇ ਅਤੇ ਇਹ ਰੋਸ ਮਾਰਚ ਸਮਰਾਲਾ ਦੇ ਮੁੱਖ ਬਜਾਰ ਰਾਹੀਂ ਹੁੰਦਾ ਹੋਇਆ ਐਸ. ਡੀ. ਐਮ. ਦਫਤਰ ਅੱਗੇ ਖਤਮ ਹੋਵੇਗਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ‘ਖੇਤੀ ਮੰਡੀਕਰਨ ਨੀਤੀ’ ਨੂੰ ਸਰਕਾਰ ਦੀ ਗੁੱਝੀ ਚਾਲ ਦੱਸਦੇ ਹੋਏ ਕਿਸਾਨ ਵਿਰੋਧੀ ਦੱਸਿਆ ਕਿ ਕਿਸ ਤਰ੍ਹਾਂ ਇਸ ਨੀਤੀ ਰਾਹੀਂ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਮੁੜ ਕਿਸਾਨਾਂ ਸਿਰ ਥੋਪਣ ਜਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਲੋਕਤੰਤਰੀ ਦੇਸ਼ਾਂ ਵਿੱਚ ਭਾਰਤ ਪਹਿਲਾ ਦੇਸ਼ ਹੋਵੇਗਾ ਜਿੱਥੇ ਅਜ਼ਾਦੀ ਤੋਂ ਬਾਅਦ ਵੀ ਇੱਥੋਂ ਦੇ ਬਸ਼ਿੰਦਿਆਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਮੋਰਚੇ ਲਾਉਣੇ ਪੈ ਰਹੇ ਹਨ, ਦੂਸਰੀ ਗੱਲ ਇਹ ਕਿ ਭਾਰਤੀ ਦੀ ਸਮੁੱਚੀ ਆਰਥਿਕਤਾ ਖੇਤੀ ਉੱਤੇ ਨਿਰਭਰ ਹੈ, ਜਿਸ ਕਾਰਨ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ, ਹੁਣ ਕੇਂਦਰ ਦੀ ਮੋਦੀ ਸਰਕਾਰ ਆਪਣੇ ਦੇਸ਼ ਦੀ ਰੀੜ ਦੀ ਹੱਡੀ ਹੀ ਤੋੜਨ ਤੇ ਤੁਲੇ ਹੋਏ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਵਾਂਗਡੋਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲੱਗੇ ਹੋਏ ਹਨ। ਦੇਸ਼ ਦਾ ਕਿਸਾਨ ਆਪਣੀ ਬੀਜੀ ਹੋਈ ਫਸਲ ਦਾ ਮੁੱਲ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਕਿਸਾਨ ਨੂੰ ਏਨਾ ਵੀ ਅਧਿਕਾਰ ਨਹੀਂ ਕਿ ਉਹ ਆਪਣੀ ਬੀਜੀ ਹੋਈ ਫਸਲ ਦਾ ਕੋਈ ਮੁੱਲ ਤਹਿ ਕਰ ਸਕੇ, ਜਦੋਂ ਕਿ ਕਾਰਪੋਰੇਟ ਘਰਾਣੇ ਆਪਣੀ ਬਣਾਈ ਹੋਈ ਚੀਜ ਦਾ ਮੁੱਲ ਆਪ ਤਹਿ ਕਰਕੇ ਬਜਾਰ ਵਿੱਚ ਵੇਚਦੇ ਹਨ। ਪਿਛਲੇ ਇੱਕ ਸਾਲ ਤੋਂ ਆਪਣੇ ਹੱਕਾਂ ਲਈ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਮੋਰਚੇ ਉੱਤੇ ਬੈਠੇ ਹਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹਨ। ਇਸ ਲਈ ਦੇਸ਼ ਦੇ ਸਮੁੱਚੇ ਕਿਸਾਨ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ, ‘ਖੇਤੀ ਮੰਡੀਕਰਨ ਨੀਤੀ’ ਦੀ ਵਿਰੋਧ ਕਰਨ ਲਈ ਖੇਤੀ ਕਰਨ ਵਾਲੇ ਟਰੈਕਟਰਾਂ ਨੂੰ ਸੜਕਾਂ ਤੇ ਲਿਆ ਕੇ ਰੋਸ ਪ੍ਰਗਟ ਕਰਨਗੇ। ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਦਰਸ਼ਨ ਸਿੰਘ ਰੋਹਲੇ ਬਲਾਕ ਪ੍ਰਧਾਨ, ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਪ੍ਰਧਾਨ, ਮੁਖਤਿਆਰ ਸਿੰਘ ਸਰਵਰਪੁਰ, ਜਗਤਾਰ ਸਿੰਘ ਮਾਦਪੁਰ, ਸਿਕੰਦਰ ਸਿੰਘ ਮਾਦਪੁਰ, ਲਵਪ੍ਰੀਤ ਸਿੰਘ ਬਾਲਿਓਂ, ਮੁਖਤਿਆਰ ਸਿੰਘ ਸੰਗਤਪੁਰਾ, ਸੁੱਖਾ ਬਾਬਾ ਸਰਵਰਪੁਰ, ਦਲਜੀਤ ਸਿੰਘ ਊਰਨਾਂ, ਖੁਸ਼ਵਿੰਦਰ ਸਿੰਘ ਦਿਆਲਪੁਰਾ, ਚੇਤੰਨ ਸਿੰਘ ਸੰਗਤਪੁਰਾ, ਹਰਪ੍ਰੀਤ ਸਿੰਘ ਗੜ੍ਹੀ ਮੀਤ ਪ੍ਰਧਾਨ, ਨੇਤਰ ਸਿੰਘ ਉਟਾਲਾਂ, ਸੁਖਵਿੰਦਰ ਸਿੰਘ ਜਲਾਹ ਮਾਜਰਾ, ਬਹਾਦਰ ਸਿੰਘ ਰੋਹਲੇ ਆਦਿ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਆਗੂ ਤੇ ਵਰਕਰ ਹਾਜਰ ਸਨ।

Previous articleਪੈਨਸ਼ਰਜ਼ ਐਸੋਸੀਏਸ਼ਨ ਸਰਕਲ ਰੋਪੜ ਵੱਲੋਂ ਮੰਗਾਂ ਸਬੰਧੀ ਮੈਨੇਜਮੈਂਟ ਤੇ ਸਰਕਾਰ ਖਿਲਾਫ ਧਰਨਾ ਦਿੱਤਾ ।
Next article26 ਜਨਵਰੀ ਦੇ ਟਰੈਕਟਰ ਰੋਸ ਮਾਰਚ ਵਿੱਚ ਬੀ. ਕੇ. ਯੂ. (ਕਾਦੀਆਂ) ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ 26 ਜਨਵਰੀ ਨੂੰ ਸਵੇਰੇ ਬੀ. ਕੇ. ਯੂ. (ਕਾਦੀਆਂ) ਦੇ ਕਿਸਾਨ ਆਪੋ ਆਪਣੇ ਟਰੈਕਟਰ ਲੈ ਕੇ ਮਾਲਵਾ ਕਾਲਜ ਦੇ ਸਟੇਡੀਅਮ ਵਿਖੇ ਪੁੱਜਣ – ਗਿਆਸਪੁਰਾ।

LEAVE A REPLY

Please enter your comment!
Please enter your name here