Home Blog Page 3

ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ’ ਸਮਾਗਮ।  ਸਾਹਿਤ ਸਭਾ ਸਮਰਾਲਾ ਵੱਲੋਂ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਸਾਹਿਤ ਪ੍ਰਤੀ ਕੀਤੀ ਘਾਲਣਾਵਾਂ ਬਦਲੇ ਦਿੱਤਾ ਗਿਆ ਪਹਿਲਾ ਸੁਖਜੀਤ ਯਾਦਗਾਰੀ ਐਵਾਰਡ।

0

ਅਮਿੱਟ ਯਾਦਾਂ ਛੱਡ ਗਿਆ ‘ਪਹਿਲਾ ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ’ ਸਮਾਗਮ।

ਸਾਹਿਤ ਸਭਾ ਸਮਰਾਲਾ ਵੱਲੋਂ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਸਾਹਿਤ ਪ੍ਰਤੀ ਕੀਤੀ ਘਾਲਣਾਵਾਂ ਬਦਲੇ ਦਿੱਤਾ ਗਿਆ ਪਹਿਲਾ ਸੁਖਜੀਤ ਯਾਦਗਾਰੀ ਐਵਾਰਡ।

ਸਮਰਾਲਾ, 18 ਫਰਵਰੀ ( ਵਰਿੰਦਰ ਸਿੰਘ ਹੀਰਾ ) ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਬਾਨੀ ਚੇਅਰਮੈਨ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਰਵਸ੍ਰੀ ਐਡਵੋਕੇਟ ਨਰਿੰਦਰ ਸ਼ਰਮਾ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਜੰਗ ਬਹਾਦਰ ਗੋਇਲ, ਡਾ. ਗੁਰਨਾਮ ਕੌਰ, ਡਾ. ਸੁਰਜੀਤ ਸਿੰਘ, ਪਰਵੇਸ਼ ਸ਼ਰਮਾ, ਸ਼ਾਇਰ ਵਿਜੈ ਵਿਵੇਕ, ਡਾ. ਪਰਮਜੀਤ ਅਤੇ ਕਹਾਣੀ ਬਲਵਿੰਦਰ ਗਰੇਵਾਲ ਦੇ ਪ੍ਰਧਾਨਗੀ ਮੰਡਲ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਿਮਰਜੀਤ ਸਿੰਘ ਕੰਗ ਮੀਤ ਪ੍ਰਧਾਨ ਦੁਆਰਾ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆ ਆਖਿਆ। ਸਮਾਗਮ ਦੌਰਾਨ ਕਹਾਣੀ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ‘ਸੁਖਜੀਤ ਯਾਦਗਾਰੀ ਐਵਾਰਡ’ ਨਾਲ ਪੰਜਾਬੀ ਕਹਾਣੀ ਦੇ ਉੱਘੇ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਦਿੱਤਾ ਗਿਆ। ਸਨਮਾਨ ਵਿੱਚ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਲੋਈ ਭੇਟ ਕੀਤੀ ਗਈ। ਇਸ ਮੌਕੇ ਕਹਾਣੀਕਾਰ ਸੁਖਜੀਤ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਪਤਨੀ ਗੁਰਦੀਪ ਕੌਰ ਅਤੇ ਭਰਾ ਊਧਮ ਸਿੰਘ ਸ਼ਾਮਲ ਹੋਏ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦੁਆਰਾ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਰਚਿਤ ਸਮੀਖਿਆਤਮਕ ਪੁਸਤਕਾਂ ‘ਸੁਖਜੀਤ ਦੀਆਂ ਕਹਾਣੀਆਂ ਪੜ੍ਹਦਿਆਂ’ ਭਰਵੇਂ ਇਕੱਠ ਵਿੱਚ ਲੋਕ ਅਰਪਣ ਕੀਤੀਆਂ ਗਈਆਂ। ਇਸੇ ਸਾਲ ਜੰਗ ਬਹਾਦਰ ਗੋਇਲ ਨੇ ਵੀ ਸੁਖਜੀਤ ਦੀ ਪੁਸਤਕ ‘ਮੈਂ ਜੈਸਾ ਹੂੰ, ਵੈਸਾ ਕਿਉਂ ਹੂੰ’ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਹੈ। ਸੁਖਜੀਤ ਦੀ ਲਿਖਣ ਪ੍ਰਕਿਰਿਆ ਅਤੇ ਸਖ਼ਸ਼ੀਅਤ ਬਾਰੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਸੁਖਜੀਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਲਕੀਰ ਖਿੱਚ ਕੇ ਕੰਮ ਕਰਨ ਵਾਲ ਵਿਅਕਤੀ ਸੀ, ਉਹ ਤਪੱਸਵੀ ਕਹਾਣੀਕਾਰ ਸੀ। ਕਿਰਪਾਲ ਕਜ਼ਾਕ ਨੇ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ ਲੇਖਕ ਲਈ ਸ਼ਬਦ ਸਾਧਨਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਸਦੀਵੀਂ ਕਰਦੀ ਹੈ। ਮਿੱਟੀ ਵਿੱਚ ਮਿੱਟੀ ਬੀਜ ਕੇ ਕੁੱਛ ਪ੍ਰਾਪਤ ਨੀ ਕੀਤਾ ਜਾ ਸਕਦਾ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਸ੍ਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਸੁਖਜੀਤ ਦੀ ਵਿਲੱਖਣਤਾ ਇਹ ਹੈ ਕਿ ਉਹ ਅਨੁਭਵ ਉੱਤੇ ਅਧਿਐਨ ਕਰਦਿਆਂ, ਚਿੰਤਨ, ਮੰਥਨ ਕਰ ਅੰਤਰ ਅਨੁਸ਼ਾਸ਼ਨੀ ਵਿਧੀ ਰਾਹੀਂ ਕਹਾਣੀ ਸਿਰਜਦਾ ਹੈ। ਡਾ. ਪਰਮਜੀਤ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਡੇਰਾ ਸੱਭਿਆਚਾਰ, ਔਰਤਾਂ, ਸੱਤਾ ਅਤੇ ਮਨੁੱਖੀ ਮਨੋਵਿਗਿਆਨ ’ਤੇ ਪਕੜ ਰੱਖਦਿਆਂ ਮਿੱਥਾਂ ਨੂੰ ਤੋੜਦੀਆਂ ਨਵੇਂ ਸਵਰੂਪ ’ਚ ਅੱਗੇ ਵਧਦੀਆਂ ਹਨ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਾਰੀਆਂ ਸਖ਼ਸ਼ੀਅਤਾਂ ਨੇ ਸੁਖਜੀਤ ਦੀ ਸਮਰੱਥ, ਸਜੱਗ, ਸੁਚੇਤ, ਜੁਗਤੀ ਅਤੇ ਸਦਜੀਵੀ ਸਿਰਜਣਾ ਦੇ ਵੱਖ ਵੱਖ ਪਹਿਲੂਆਂ ’ਤੇ ਵਿਚਾਰ ਸਾਂਝੇ ਕੀਤੇ। ਉੱਘੇ ਸ਼ਾਇਰ ਵਿਜੇ ਵਿਵੇਕ ਨੇ ਸੁਖਜੀਤ ਨੂੰ ਸ਼ਰਧਾਂਜ਼ਲੀ ਦਿੰਦਿਆਂ ਆਪਣੀ ਬੇਮਿਸਾਲ ਸ਼ਾਇਰੀ ਨਾਲ ਸਭ ਨੂੰ ਸਰਸਾਰ ਕੀਤਾ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਡਾ. ਗੁਰਨਾਮ ਕੌਰ ਕੈਨੇਡਾ, ਗੁਰਭਗਤ ਸਿੰਘ, ਜਲੋਰ ਸਿੰਘ ਖੀਵਾ, ਸੁਰਿੰਦਰ ਰਾਮਪੁਰੀ, ਇੰਦਰਜੀਤ ਸਿੰਘ ਕੰਗ, ਡਾ. ਹਰਜਿੰਦਰਪਾਲ ਸਿੰਘ, ਸੰਦੀਪ ਸਮਰਾਲਾ, ਰਵੀਇੰਦਰ ਸਿੰਘ ਮੱਕੜ ਪੀ. ਆਰ. ਓ., ਅਮਨਦੀਪ ਸਮਰਾਲਾ, ਤਰਨ ਬੱਲ, ਦੀਪ ਦਿਲਬਰ, ਅਨਿਲ ਫਤਹਿਗੜ੍ਹ ਜੱਟਾਂ, ਐਡਵੋਕਟ ਪਰਮਜੀਤ ਸਿੰਘ ਖੰਨਾ, ਐਡਵੋਕੇਟ ਜਸਪ੍ਰੀਤ ਸਿੰਘ, ਬਲਵੰਤ ਸਿੰਘ ਮਾਂਗਟ, ਸੁਰਜੀਤ ਸੁਮਨ, ਜਤਿੰਦਰ ਸਿੰਘ ਹਾਂਸ ਕਹਾਣੀਕਾਰ, ਜਸਵੀਰ ਰਾਣਾ ਅਮਰਗੜ੍ਹ, ਗੁਰਨਾਮ ਸਿੰਘ ਬਿਜਲੀ, ਦਰਸ਼ਨ ਸਿੰਘ ਕੰਗ, ਜੁਆਲਾ ਸਿੰਘ ਥਿੰਦ, ਦਰਸ਼ਪ੍ਰੀਤ ਸਿੰਘ, ਕਮਲ ਕਿਸ਼ੋਰ ਮਾਛੀਵਾੜਾ, ਰੁਪਿੰਦਰ ਰੁਪਾਲ ਕੌਲਗੜ੍ਹ, ਮਨਜੀਤ ਘਣਗਸ, ਪ੍ਰੇਮ ਨਾਥ, ਹਰਬੰਸ ਸਿੰਘ ਰਾਏ, ਜਗਦੀਸ਼, ਐਡਵੋਕੇਟ ਗਗਨਦੀਪ ਸ਼ਰਮਾ, ਹਰਜਿੰਦਰ ਸਿੰਘ ਗੋਪਾਲੋਂ, ਜੋਰਵਰ ਸਿੰਘ ਪੰਛੀ ਦਲੀਪ ਸਿੰਘ, ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ, ਲਖਵਿੰਦਰਪਾਲ ਸਿੰਘ ਖਾਲਸਾ, ਕੁਲਵਿੰਦਰ ਸਿੰਘ ਮਾਨੂੰਪੁਰ, ਡਾ. ਸੁਖਪਾਲ ਕੌਰ, ਰਮਨਦੀਪ ਖਮਾਣੋਂ, ਹਰਪਿੰਦਰ ਸ਼ਾਹੀ, ਦਵਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਨੀਲੋਂ ਸ਼੍ਰੋਮਣੀ ਬਾਲ ਪੁਰਸਕਾਰ ਵਿਜੇਤਾ, ਹਰਮਿੰਦਰ ਕਾਲੜਾ, ਮਨਜੀਤ ਘਣਗਸ, ਆਤਮਾ ਸਿੰਘ ਕੋਟਾਲਾ, ਸੰਤੋਖ ਸਿੰਘ, ਅਮਰੀਕ ਸਿੰਘ ਸਾਗੀ, ਸੰਤ ਸਿੰਘ ਸੋਹਲ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਸਭਾਵਾਂ ਦੇ ਨੁਮਾਇੰਦੇ ਹਾਜਰ ਸਨ। ਅਖੀਰ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਹਾਜ਼ਰ ਸ੍ਰੋਤਿਆਂ, ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਕਹਾਣੀਕਾਰ ਯਤਿੰਦਰ ਕੌਰ ਮਾਹਲ ਜਨਰਲ ਸਕੱਤਰ ਵੱਲੋਂ ਮੰਚ ਸੰਚਾਲਨ ਦਾ ਕਾਰਜ ਬਾਖੂਭੀ ਨਿਭਾਇਆ ਗਿਆ।

ਪੋਈਨਰ ਮੱਕੀ ਦੇ ਬੀਜ ਦੀ ਥੁੜ੍ਹ ਕਾਰਨ ਪੰਜਾਬ ਵਿੱਚ ਮੱਚੀ ਹਾਹਾ-ਕਾਰ, ਸਰਕਾਰ ਤੇ ਖੇਤੀਬਾੜੀ ਮਹਿਕਮਾ ਖਮੋਸ਼ – ਮਨਜੀਤ ਸਿੰਘ ਢੀਂਡਸਾ 

0

ਪੋਈਨਰ ਮੱਕੀ ਦੇ ਬੀਜ ਦੀ ਥੁੜ੍ਹ ਕਾਰਨ ਪੰਜਾਬ ਵਿੱਚ ਮੱਚੀ ਹਾਹਾ-ਕਾਰ, ਸਰਕਾਰ ਤੇ ਖੇਤੀਬਾੜੀ ਮਹਿਕਮਾ ਖਮੋਸ਼ – ਮਨਜੀਤ ਸਿੰਘ ਢੀਂਡਸਾ

ਸਮਰਾਲਾ, 18 ਫਰਵਰੀ ( ਵਰਿੰਦਰ ਸਿੰਘ ਹੀਰਾ) ਪੰਜਾਬ ਵਿੱਚ ਆਲੂ ਦੀ ਫਸਲ ਤੋਂ ਬਾਅਦ ਫਰਵਰੀ ਦੇ ਪਹਿਲੇ ਹਫਤੇ ਤੋਂ ਮੱਕੀ ਦੀ ਬਿਜਾਈ ਸ਼ੁਰੂ ਹੋਈ ਨੂੰ 15 ਦਿਨਾਂ ਦਾ ਸਮਾਂ ਬੀਤ ਚੁੱਕਾ ਹੈ। ਕਿਸੇ ਵੀ ਬੀਜ ਵਿਕਰੇਤਾ ਕੋਲ ਅਜੇ ਤੱਕ ਮੱਕੀ ਦੇ ਬੀਜ ਦੀ ਸਪਲਾਈ ਨਹੀਂ ਆਈ, ਜਿਸ ਕਾਰਨ ਪੂਰੇ ਪੰਜਾਬ ਦੇ ਕਿਸਾਨਾਂ ਵਿੱਚ ਹਾਹਾਕਾਰ ਮੱਚੀ ਪਈ ਹੈ। ਇਸ ਗੱਲ ਦਾ ਖੁਲਾਸਾ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇੱਕ ਦੋ ਪ੍ਰਤੀਸ਼ਤ ਬੀਜ 1899, 1890 ਅਤੇ 1844 ਵਗੈਰਾ ਆਇਆ। ਵੱਡੇ ਜਿਮੀਂਦਾਰ ਆਪਣੀ ਲੋੜ ਅਨੁਸਾਰ ਪਹਿਲਾਂ ਬੀਜ ਖਰੀਦ ਕੇ ਰੱਖ ਲੈਂਦੇ ਹਨ, ਛੋਟੇ ਕਿਸਾਨ ਕੋਲ ਐਨੀ ਪੂੰਜੀ ਨਹੀਂ ਹੁੰਦੀ ਕਿ ਉਹ ਐਡਵਾਂਸ ਵਿੱਚ ਬੀਜ ਖਰੀਦ ਸਕਣ, ਜਿਸ ਕਾਰਨ ਉਹ ਬੀਜ ਤੋਂ ਵਾਂਝੇ ਰਹਿ ਜਾਂਦੇ ਹਨ। ਬਜ਼ਾਰ ਵਿੱਚ ਹੋਰ ਵਰਾਇਟੀਆਂ ਦੇ ਬੀਜ ਮਿਲ ਰਹੇ ਹਨ। ਉਸਦੀ ਕੀਮਤ ਵੀ ਜਿਆਦਾ ਹੈ। ਉਸਦਾ ਝਾੜ ਵੀ ਘੱਟ ਹੈ ਅਤੇ ਰੰਗ ਰੂਪ ਅਤੇ ਦਾਣੇ ਦੀ ਸਹੀ ਬਨਾਵਟ ਨਾ ਹੋਣ ਕਾਰਨ ਵਿਕਰੀ ਮੌਕੇ ਖਰੀਦ ਫਸਲ ਦੂਜੇ ਬੀਜਾਂ ਨਾਲੋਂ ਤਕਰਬੀਨ 50 ਤੋਂ 100 ਰੁਪਏ ਤੱਕ ਰੇਟ ਘੱਟ ਵਿਕਦੀ ਹੈ। ਜਿਸ ਨਾਲ ਕਿਸਾਨਾਂ ਨੂੰ ਬਹੁਤ ਘਾਟਾ ਪੈਦਾ ਹੈ। ਸਰਕਾਰ ਦਾ ਖੇਤੀਬਾੜੀ ਮਹਿਕਮਾ ਕੁੰਬਕਰਨੀ ਨੀਂਦ ਸੁੱਤਾ ਪਿਆ ਹੈ। ਨਾ ਹੀ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਕੇ ਆਪਣਾ ਪੱਲਾ ਝਾੜ ਰਹੇ ਹਨ ਕਿ ਇਹ ਬੀਜ ਸਾਨੂੰ ਦੱਖਣੀ ਰਾਜਾਂ ਵਿੱਚੋਂ ਆਉਂਦਾ ਹੈ। ਜੇਕਰ ਸਰਕਾਰ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੇਤੀਬਾੜੀ ਮਹਿਕਮੇ ਦਾ ਪਹਿਲਾ ਧਿਆਨ ਦਿੱਤਾ ਹੁੰਦਾ ਤਾਂ ਅੱਜ ਤੱਕ ਕਿਸਾਨ ਦੀ ਮੱਕੀ ਦੀ ਅਗੇਤੀ ਬਿਜਾਈ 50 ਪ੍ਰਤੀਸ਼ਤ ਤੋਂ ਵੱਧ ਨਿਪਟ ਜਾਣੀ ਸੀ। ਹੁਣ ਕਿਸਾਨ ਇਸ ਘਾਟ ਕਾਰਨ ਘਟੀਆ ਕੁਆਲਟੀ ਅਤੇ ਘੱਟ ਝਾੜ ਵਾਲੇ ਬੀਜ ਬੀਜਣ ਲਈ ਮਜ਼ਬੂਰ ਹਨ। ਜਿਸ ਨਾਲ ਕਿਸਾਨਾਂ ਦਾ ਬਹੁਤ ਜਿਆਦਾ ਆਰਥਿਕ ਪੱਖੋਂ ਨੁਕਸਾਨ ਵੀ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੱਕੀ ਦੀ ਫਸਲ ਲੇਟ ਹੁੰਦੀ ਹੈ ਅਤੇ ਜੀਰੀ ਦਾ ਕੰਮ ਵੀ ਲੇਟ ਹੋਵੇਗਾ, ਅੱਗੇ ਮੌਸਮ ਸਿੱਲਾ ਹੋਣ ਕਾਰਨ ਫਿਰ ਜੀਰੀ ਦੀ ਵਿਕਰੀ ਉਪਰ ਵੀ ਅਸਰ ਪਵੇਗਾ। ਕਿਸਾਨਾਂ ਦਾ ਪਿਛਲੇ ਸੀਜਨ ਵਿੱਚ ਵੀ ਧਾਨਾਂ ਦੀ ਕਾਟ ਨਾਲ ਬਹੁਤ ਨੁਕਸਾਨ ਹੋ ਚੁੱਕਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਅਗਨੀਵੀਰ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ। 15 ਮਾਰਚ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ।

0

ਅਗਨੀਵੀਰ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ।

15 ਮਾਰਚ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ।

ਲੁਧਿਆਣਾ, 17 ਫਰਵਰੀ ( ਵਰਿੰਦਰ ਸਿੰਘ ਹੀਰਾ ) – ਜਿਲ੍ਹਾ ਰੋਜ਼ਗਾਰ ਅਤੇ ਕਾਰੋੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੋਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਆਰਮੀ ਵਿੱਚ ਭਰਤੀ ਦੇ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਗਨੀਵੀਰ ਭਰਤੀ ਲਈ ਉਮੀਦਵਾਰਾਂ ਤੋ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਅਗਨੀਵੀਰ ਭਰਤੀ ਲਈ ਵਿਦਿਅਕ ਯੋਗਤਾ ਗ੍ਰੇਜੂਏਸ਼ਨ ਹੈ ਅਤੇ ਐਨ.ਸੀ.ਸੀ. ਦੇ ਸੀ ਸਰਟੀਫਿਕੇਟ ਵਿੱਚ ਘਟੋ ਘੱਟ ਬੀ ਗਰੇਡ ਹੋਣਾ ਲਾਜ਼ਮੀ ਹੈ। ਭਰਤੀ ਲਈ ਉਮਰ ਸੀਮਾ 19 ਤੋ 25 ਸਾਲ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਆਖਿਰੀ ਮਿਤੀ 15 ਮਾਰਚ 2025 ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ(ਲੜਕੇ ਅਤੇ ਲੜਕੀਆਂ ਦੋਵੇ) ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟੇਸ਼ਨ ਕਰਵਾ ਸਕਦੇ ਹਨ।

   ਉਨ੍ਹਾਂ ਸਾਰੇ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ www.joinindianarmy.nic.in ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਭਾਰਤੀ ਸੈਨਾ ਵਿੱਚ ਸ਼ਾਮਲ ਹੋਣ ਦੇ ਸੁਨਹਿਰੀ ਮੌੌਕੇ ਦਾ ਲਾਭ ਲੈਂਦਿਆਂ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।

ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ., ਪ੍ਰਤਾਪ ਚੌਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਡੀ.ਬੀ.ਈ.ਈ. ਦੇ ਸੋਸ਼ਲ ਮੀਡੀਆ ਚੈਨਲ ‘ਤੇ ਵੀ ਇਸ ਦੀ ਜਾਣਕਾਰੀ ਲਈ ਜਾ ਸਕਦੀ ਹੈ।

ਗਲਾਡਾ ਵੱਲੋਂ ਪਿੰਡ ਲਾਦੀਆਂ ਕਲਾਂ ਅਤੇ ਹੁਸੈਨਪੁਰਾ ‘ਚ 3 ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ। 

0

ਗਲਾਡਾ ਵੱਲੋਂ ਪਿੰਡ ਲਾਦੀਆਂ ਕਲਾਂ ਅਤੇ ਹੁਸੈਨਪੁਰਾ ‘ਚ 3 ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ।

ਲੁਧਿਆਣਾ, 18 ਫਰਵਰੀ (-  ਵਰਿੰਦਰ ਸਿੰਘ ਹੀਰਾ) ਗਲਾਡਾ ਵੱਲੋਂ ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ ਦੀ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਦੇ ਬਾਹਰਲੇ ਪਿੰਡਾਂ ਲਾਦੀਆਂ ਕਲਾਂ ਅਤੇ ਹੁਸੈਨਪੁਰਾ ਵਿੱਚ ਤਿੰਨ ਗੈਰ-ਕਾਨੂੰਨੀ ਕਲੋਨੀਆਂ ਨੂੰ ਢਹਿ-ਢੇਰੀ ਕੀਤਾ ਗਿਆ।

ਮੁੱਖ ਪ੍ਰਸ਼ਾਸਕ ਹਰਪ੍ਰੀਤ ਸਿੰਘ, ਆਈ.ਏ.ਐਸ. ਵੱਲੋਂ ਗੈਰ-ਕਾਨੂੰਨੀ ਕਲੋਨੀਆਂ ‘ਤੇ ਸ਼ਿਕੰਜਾ ਕੱਸਦਿਆਂ ਕਿਹਾ ਕਿ ਅਣਅਧਿਕਾਰਤ ਅਤੇ ਗੈਰ-ਯੋਜਨਾਬੱਧ ਤਰੀਕੇ ਨਾਲ ਕੀਤੀਆਂ ਉਸਾਰੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਕਲੋਨੀਆਂ ਵਿੱਚ ਸਸਤੇ ਪਲਾਟ ਵੇਚਣ ਦੀ ਆੜ ਵਿੱਚ ਕਾਨੂੰਨੀ ਪ੍ਰਵਾਨਗੀ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਭੋਲੇ-ਭਾਲੇ ਵਸਨੀਕਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਸੰਦੀਪ ਦੀ ਅਗਵਾਈ ਵਾਲੀ ਟੀਮ ਨੇ 3 ਅਣਅਧਿਕਾਰਤ ਕਲੋਨੀਆਂ ਵਿਰੁੱਧ ਕਾਰਵਾਈ ਕਰਦਿਆਂ ਸੜਕਾਂ, ਚਾਰਦੀਵਾਰੀ, ਰਸਤਿਆਂ, ਸਟਰੀਟ ਲਾਈਟਾਂ, ਸੀਵਰੇਜ ਦੇ ਮੈਨਹੋਲਾਂ ਅਤੇ ਇਨ੍ਹਾਂ ਥਾਵਾਂ ‘ਤੇ ਹੋਰ ਨਾਜਾਇਜ਼ ਉਸਾਰੀਆਂ ਅਤੇ ਢਾਂਚਿਆਂ ਨੂੰ ਢਹਿ-ਢੇਰੀ ਕੀਤਾ ਗਿਆ।

ਮੁੱਖ ਪ੍ਰਸ਼ਾਸਕ, ਗਲਾਡਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਕਲੋਨੀਆਂ ਵਿੱਚ ਜਾਇਦਾਦ/ਪਲਾਟ/ਇਮਾਰਤਾਂ ਦੀ ਖਰੀਦ ਨਾ ਕਰਨ ਕਿਉਂਕਿ ਗਲਾਡਾ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਪ੍ਰਦਾਨ ਨਹੀਂ  ਕਰੇਗੀ।

ਵਿਧਾਇਕ ਪਰਾਸ਼ਰ ਨੇ ਬੁੱਢੇ ਦਰਿਆ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਵੱਡੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ। ਪ੍ਰੋਜੈਕਟ ਆਵਾਜਾਈ ਨੂੰ ਸੁਚਾਰੂ ਬਣਾਏਗਾ ਅਤੇ ਨੇੜਲੇ ਇਲਾਕਿਆਂ ਵਿੱਚ ਭੀੜ-ਭੜੱਕੇ ਨੂੰ ਘਟਾਏਗਾ।

0

ਵਿਧਾਇਕ ਪਰਾਸ਼ਰ ਨੇ ਬੁੱਢੇ ਦਰਿਆ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਵੱਡੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ।

ਪ੍ਰੋਜੈਕਟ ਆਵਾਜਾਈ ਨੂੰ ਸੁਚਾਰੂ ਬਣਾਏਗਾ ਅਤੇ ਨੇੜਲੇ ਇਲਾਕਿਆਂ ਵਿੱਚ ਭੀੜ-ਭੜੱਕੇ ਨੂੰ ਘਟਾਏਗਾ।

ਲੁਧਿਆਣਾ, 18 ਫਰਵਰੀ ( ਵਰਿੰਦਰ ਸਿੰਘ ਹੀਰਾ) 
ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੋਮਵਾਰ ਨੂੰ ਬੁੱਢੇ ਦਰਿਆ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਇੱਕ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਇਸ ਪ੍ਰੋਜੈਕਟ ਦੇ ਤਹਿਤ, ਗੁਰਦੁਆਰਾ ਗਊ ਘਾਟ ਸਾਹਿਬ ਪੁਆਇੰਟ ਤੋਂ ਮਾਧੋਪੁਰੀ ਪੁਲੀ ਤੱਕ ਬੁੱਢੇ ਦਰਿਆ ਦੇ ਨਾਲ-ਨਾਲ ਕੰਕਰੀਟ ਦੀ ਸੜਕ ਬਣਾਈ ਜਾਵੇਗੀ। ਇਹ ਪ੍ਰੋਜੈਕਟ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।

ਕੌਂਸਲਰ (ਵਾਰਡ ਨੰਬਰ 10) ਪ੍ਰਦੀਪ ਸ਼ਰਮਾ ਗੱਬੀ ਦੇ ਨਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਹ ਪ੍ਰੋਜੈਕਟ ਵਸਨੀਕਾਂ ਲਈ ਇੱਕ ਵੱਡੀ ਰਾਹਤ ਹੋਵੇਗਾ ਕਿਉਂਕਿ ਇਹ ਆਵਾਜਾਈ ਨੂੰ ਸੁਚਾਰੂ ਬਣਾਏਗਾ ਅਤੇ ਨੇੜਲੇ ਇਲਾਕਿਆਂ ਵਿੱਚ ਭੀੜ-ਭੜੱਕੇ ਨੂੰ ਘਟਾਏਗਾ।

ਵਿਧਾਇਕ ਪਰਾਸ਼ਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ।

ਵਿਧਾਇਕ ਪਰਾਸ਼ਰ ਨੇ ਅੱਗੇ ਕਿਹਾ ਕਿ ਬੁੱਢੇ ਦਰਿਆ ਦੇ ਦੂਜੇ ਪਾਸੇ ਸੜਕ ਦੇ ਬਾਕੀ ਬਚੇ ਹਿੱਸੇ ਵੀ ਆਉਣ ਵਾਲੇ ਸਮੇਂ ਵਿੱਚ ਬਣਾਏ ਜਾਣਗੇ।ਉਦਘਾਟਨ ਸਮਾਰੋਹ ਦੌਰਾਨ ਰਾਜੂ ਵੋਹਰਾ, ਮਹਿੰਦਰ ਸੀਮਾ ਸੈਣੀ, ਅਜੇ ਨਈਅਰ ਟੈਂਕੀ, ਮੁਕੇਸ਼ ਵਰਮਾ, ਦਲੀਪ ਥਾਪਰ, ਸੰਨੀ ਬੇਦੀ, ਅਨਿਲ ਪਾਰਤੀ, ਗੁਰਮੁਖ ਮਿੱਠੂ, ਜੌਨੀ ਜੱਗੀ, ਨਮਨ ਬਹਿਲ, ਹੈਪੀ ਬਹਿਲ, ਸੰਜੀਵ ਰਾਣਾ, ਜੌਨੀ ਸਮੇਤ ਹੋਰ ਮੌਜੂਦ ਸਨ।

ਨਹਿਰੂ ਯੁਵਾ ਕੇਂਦਰ ਵੱਲੋਂ 5 ਵਾਂ ਕਸ਼ਮੀਰੀ ਯੁਵਾ ਐਕਸਚੇਂਜ ਪ੍ਰੋਗਰਾਮ ਦਾ ਆਯੋਜਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ 12 ਤੋਂ 17 ਫਰਵਰੀ ਤੱਕ ਹੋਣਗੇ ਸਮਾਗਮ।

0

ਨਹਿਰੂ ਯੁਵਾ ਕੇਂਦਰ ਵੱਲੋਂ 5 ਵਾਂ ਕਸ਼ਮੀਰੀ ਯੁਵਾ ਐਕਸਚੇਂਜ ਪ੍ਰੋਗਰਾਮ ਦਾ ਆਯੋਜਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ 12 ਤੋਂ 17 ਫਰਵਰੀ ਤੱਕ ਹੋਣਗੇ ਸਮਾਗਮ।

ਲੁਧਿਆਣਾ, 14 ਫਰਵਰੀ ( ਵਰਿੰਦਰ ਸਿੰਘ ਹੀਰਾ)  ਬੀਤੇ ਵਰ੍ਹਿਆਂ ਦੌਰਾਨ ਕਸ਼ਮੀਰੀ ਯੁਵਾ ਐਕਸਚੇਂਜ ਪ੍ਰੋਗਰਾਮ ਦੇ ਸਫਲ ਆਯੋਜਨ ਤੋਂ ਬਾਅਦ, ਨਹਿਰੂ ਯੁਵਾ ਕੇਂਦਰ ਸੰਗਠਨ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ 1,800 ਕਸ਼ਮੀਰੀ ਨੌਜਵਾਨਾਂ ਨੂੰ 180 ਟੀਮ ਲੀਡਰਾਂ ਦੇ ਨਾਲ ਦੇਸ਼ ਦੇ ਮਹੱਤਵਪੂਰਨ ਸ਼ਹਿਰਾਂ ਵਿੱਚ ਦੌਰੇ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ 5ਵਾਂ ਕਸ਼ਮੀਰੀ ਯੁਵਾ ਐਕਸਚੇਂਜ ਪ੍ਰੋਗਰਾਮ 2024-25 ਦਾ ਆਯੋਜਨ ਕੀਤਾ ਜਾ ਰਿਹਾ ਹੈ।

 ਇਸ ਸਬੰਧ ਵਿੱਚ, ਨਹਿਰੂ ਯੁਵਾ ਕੇਂਦਰ, ਲੁਧਿਆਣਾ 12 ਤੋਂ 17 ਫਰਵਰੀ 2025 ਤੱਕ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ 6 ਦਿਨਾਂ ਦਾ ਂਕਸ਼ਮੀਰੀ ਯੁਵਾ ਐਕਸਚੇਂਜ ਪ੍ਰੋਗਰਾਮਂ ਦਾ ਆਯੋਜਨ ਕਰ ਰਿਹਾ ਹੈ। ਇਸ ਪ੍ਰੋਗਰਾਮ ਵਿੱਚ, ਕਸ਼ਮੀਰ ਵਾਦੀ ਦੇ 6 ਚੁਣੇ ਹੋਏ ਜ਼ਿਲ੍ਹਿਆਂ (ਅਨੰਤਨਾਗ, ਕੁਪਵਾੜਾ, ਬਾਰਾਮੂਲਾ, ਬਡਗਾਮ, ਸ੍ਰੀਨਗਰ ਅਤੇ ਪੁਲਵਾਮਾ) ਤੋਂ 120 ਕਸ਼ਮੀਰੀ ਨੌਜਵਾਨ, 18-22 ਸਾਲ ਦੀ ਉਮਰ ਦੇ 12 ਟੀਮ ਲੀਡਰਾਂ ਨਾਲ ਹਿੱਸਾ ਲੈ ਰਹੇ ਹਨ ਤਾਂ ਜੋ ਮੇਜ਼ਬਾਨ ਰਾਜ ਦੀ ਸੰਸਕ੍ਰਿਤੀ ਅਤੇ ਵਿਰਾਸਤ ਦੀ ਪੜਚੋਲ ਕੀਤੀ ਜਾ ਸਕੇ।

ਪ੍ਰੋਗਰਾਮ ਦਾ ਮੂਲ ਉਦੇਸ਼ ਭਾਗੀਦਾਰਾਂ ਨੂੰ ਕਸ਼ਮੀਰ ਵਾਦੀ ਦੇ ਨੌਜਵਾਨਾਂ ਵਿੱਚ ਰਾਸ਼ਟਰੀ ਏਕਤਾ, ਅਖੰਡਤਾ ਅਤੇ ਸ਼ਾਂਤੀ ਦੇ ਸਮਰਥਕ ਵਜੋਂ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਸੰਵੇਦਨਸ਼ੀਲ ਬਣਾਉਣਾ ਹੈ. ਭਾਗੀਦਾਰਾਂ ਨੂੰ ਦੇਸ਼ ਵਿੱਚ ਸੱਭਿਆਚਾਰਕ, ਉਦਯੋਗਿਕ, ਇਤਿਹਾਸਕ, ਧਾਰਮਿਕ ਅਤੇ ਵਿਦਿਅਕ ਦਿਲਚਸਪੀ ਵਾਲੇ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਕਸ਼ਮੀਰੀ ਨੌਜਵਾਨਾਂ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋਈ ਤਕਨੀਕੀ ਅਤੇ ਉਦਯੋਗਿਕ ਤਰੱਕੀ ਵੱਲ ਮੌਕੇ ਪ੍ਰਦਾਨ ਕਰਨਾ ਹੈ ਜੋ ਵੱਖ-ਵੱਖ ਵਿਕਾਸ ਗਤੀਵਿਧੀਆਂ, ਹੁਨਰ ਵਿਕਾਸ, ਵਿਦਿਅਕ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਉਪਲਬਧਤਾ ‘ਤੇ ਕੇਂਦ੍ਰਿਤ ਹੈ।

ਡੈਲੀਗੇਟ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ, ਇਤਿਹਾਸਕ ਮਹੱਤਵ ਵਾਲਾ ਅਜਾਇਬ ਘਰ, ਪੀਏਯੂ, ਜੰਗ-ਏ-ਆਜ਼ਾਦੀ, ਧਾਰਮਿਕ ਸਥਾਨਾਂ, ਲੁਧਿਆਣਾ ਚਿੜੀਆਘਰ, ਹੀਰੋ ਸਾਈਕਲ ਦਾ ਉਦਯੋਗਿਕ ਦੌਰਾ ਆਦਿ ਕਰਨਗੇ। ਉਹ ‘ਸਵੱਛਤਾ ਹੀ ਸੇਵਾ’ ਅਤੇ ‘ਏਕ ਪੇੜ ਮਾਂ ਕੇ ਨਾਮ’ ਵਰਗੀਆਂ ਮੁਹਿੰਮਾਂ ਵਿੱਚ ਵੀ ਹਿੱਸਾ ਲੈਣਗੇ। ਕਸ਼ਮੀਰੀ ਨੌਜਵਾਨਾਂ ਲਈ ਭਾਰਤ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮਾਂ, ਲੀਡਰਸ਼ਿਪ ਹੁਨਰ, ਸਾਈਬਰ ਅਪਰਾਧ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਐਨ.ਡੀ.ਆਰ.ਐਫ. ਸੈਸ਼ਨ, ਕਰੀਅਰ ਮਾਰਗਦਰਸ਼ਨ ਅਤੇ ਸਲਾਹ, ਉੱਦਮਤਾ ਆਦਿ ਬਾਰੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਜਾਣਗੇ।

ਪਹਿਲੇ ਦਿਨ, ਉਦਘਾਟਨੀ ਸਮਾਰੋਹ ਵਿੱਚ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਕਸ਼ਮੀਰ ਤੋਂ ਪੰਜਾਬ ਅਤੇ ਯੂਨੀਵਰਸਿਟੀ, ਲੁਧਿਆਣਾ ਵਿੱਚ ਨੌਜਵਾਨ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਿਵੇਂ ਅਜਿਹੇ ਪ੍ਰੋਗਰਾਮ ਵਿਕਾਸ ਅਤੇ ਰਾਸ਼ਟਰ ਨਿਰਮਾਣ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਭੂਮਿਕਾ ਲਈ ਇੱਕ ਸ਼ਕਤੀਸ਼ਾਲੀ ਸੰਦੇਸ਼ ਹਨ।

ਦੂਜੇ ਦਿਨ ਭਾਗੀਦਾਰਾਂ ਨੇ ਕਸ਼ਮੀਰ ਘਾਟੀ ਵਿੱਚ ਨੌਜਵਾਨਾਂ ਦੀ ਭੂਮਿਕਾ, ਭਾਰਤ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ, ਵਿੱਤੀ ਸਮਾਵੇਸ਼ ਯੋਜਨਾਵਾਂ ਅਤੇ ਟੀਮ ਨਿਰਮਾਣ ਅਭਿਆਸਾਂ, ਉੱਦਮਤਾ ਅਤੇ ਸਟਾਰਟ ਅੱਪ ਸੱਭਿਆਚਾਰ ‘ਤੇ ਇੰਟਰਐਕਟਿਵ ਸੈਸ਼ਨਾਂ ਵਿੱਚ ਹਿੱਸਾ ਲਿਆ।

ਵਿਧਾਇਕ ਛੀਨਾ ਵੱਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ। ਚੱਲ ਰਹੇ ਵਿਕਾਸ ਕਾਰਜ਼ਾਂ ਸਬੰਧੀ ਕੀਤੇ ਵਿਚਾਰ ਵਟਾਂਦਰੇ।

0

ਵਿਧਾਇਕ ਛੀਨਾ ਵੱਲੋਂ ਨਿਗਮ ਅਧਿਕਾਰੀਆਂ ਨਾਲ ਮੀਟਿੰਗ।

ਚੱਲ ਰਹੇ ਵਿਕਾਸ ਕਾਰਜ਼ਾਂ ਸਬੰਧੀ ਕੀਤੇ ਵਿਚਾਰ ਵਟਾਂਦਰੇ।

ਆਗਾਮੀ ਮੌਨਸੂਨ ਤੋਂ ਪਹਿਲਾਂ ਸਾਰੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਦੇ ਵੀ ਦਿੱਤੇ ਨਿਰਦੇਸ਼।

ਲੁਧਿਆਣਾ, 14 ਫਰਵਰੀ  ( ਵਰਿੰਦਰ ਸਿੰਘ ਹੀਰਾ)  ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸਥਾਨਕ ਬਾਪੂ ਮਾਰਕੀਟ ਮੁੱਖ ਦਫਤਰ ਵਿਖੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।

ਵਿਧਾਇਕ ਛੀਨਾ ਵੱਲੋਂ ਆਗਾਮੀ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਤੋਂ ਬਚਾਅ ਲਈ ਅਗਾਊਂ ਪ੍ਰਬੰਧਾਂ ‘ਤੇ ਜੋਰ ਦਿੱਤਾ।

ਮੀਟਿੰਗ ਦੌਰਾਨ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਦੇ ਨਾਲ ਪ੍ਰਾਪਰਟੀ ਟੈਕਸ, ਓ.ਐਂਡ.ਐਮ ਅਤੇ ਬੀ.ਐਡ.ਆਰ ਸਾਖਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਿਧਾਇਕ ਛੀਨਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਬਰਸਾਤੀ ਮੌਸਮ ਦੀ ਆਮਦ ਤੋਂ ਪਹਿਲਾਂ ਸੜਕਾਂ ਕਿਨਾਰੇ ਬਣੇ ਨਾਲਿਆਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ, ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਪ੍ਰੋਜੈਕਟਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਤੋਂ ਬਚਾਅ ਲਈ ਹਰ ਸੰਭਵ ਯਤਨ ਕੀਤੇ ਜਾਣ।

ਵਿਧਾਇਕ ਛੀਨਾ ਅਤੇ ਜ਼ੋਨਲ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁੱਲ੍ਹੇ ਸਥਾਨਾਂ ਵਿੱਚ ਕੂੜਾ ਨਾ ਸੁੱਟਣ ਕਿਉਂਕਿ ਕੂੜਾ ਸੀਵਰੇਜ ਸਿਸਟਮ ਨੂੰ ਬਲਾਕ ਕਰ ਦਿੰਦਾ ਹੈ ਅਤੇ ਗਲੀਆਂ ਵਿੱਚ ਪਾਣੀ ਭਰ ਜਾਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨਿਗਮ ਦਫ਼ਤਰਾਂ ਵਿੱਚ ਆਪਣਾ ਕੰਮ ਕਰਵਾਉਣ ਵਾਲੇ ਕਿਰਤੀ ਲੋਕਾਂ ਨੂੰ ਖੱਜਲ-ਖੁਆਰ ਨਾ ਕੀਤਾ ਜਾਵੇ।

ਵਿਧਾਇਕ ਛੀਨਾ ਨੇ ਅਧਿਕਾਰੀਆਂ ਨੂੰ ਡੇਂਗੂ, ਮਲੇਰੀਆ ਆਦਿ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਪ੍ਰਭਾਵੀ ਕਦਮ ਚੁੱਕਣ ਲਈ ਵੀ ਕਿਹਾ ਅਤੇ ਸਿਹਤ ਵਿਭਾਗ ਅਤੇ ਨਗਰ ਨਿਗਮ ਵੱਲੋਂ ਟੀਮਾਂ ਦਾ ਗਠਨ ਕੀਤਾ ਜਾਵੇ। ਇਸ ਤੋਂ ਇਲਾਵਾ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਨੂੰ ਇਹ ਯਕੀਨੀ ਬਣਾਉਦ ਲਈ ਕਿਹਾ ਕਿ ਨਿਯਮਤ ਤੌਰ ‘ਤੇ ਸਫ਼ਾਈ, ਕੂੜਾ-ਕਰਕਟ, ਪਾਣੀ ਭਰਨ, ਗੰਦਗੀ ਆਦਿ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਨਿਪਟਾਰਾ ਕੀਤਾ ਜਾਵੇ।

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਡਿਜੀਟਲ ਸਿੱਖਿਆ ਪਹਿਲਕਦਮੀ ਦੀ ਸ਼ੁਰੂਆਤ।  ਸਕੂਲੀ ਵਿਦਿਆਰਥੀਆਂ ਨੂੰ ਲੈਪਟਾਪ ਵੰਡਣ ਦੀ ਕੀਤੀ ਸ਼ੁਰੂਆਤ।

0

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਡਿਜੀਟਲ ਸਿੱਖਿਆ ਪਹਿਲਕਦਮੀ ਦੀ ਸ਼ੁਰੂਆਤ।

ਸਕੂਲੀ ਵਿਦਿਆਰਥੀਆਂ ਨੂੰ ਲੈਪਟਾਪ ਵੰਡਣ ਦੀ ਕੀਤੀ ਸ਼ੁਰੂਆਤ।

ਚੰਡੀਗੜ੍ਹ /ਸਮਰਾਲਾ, 14 ਫਰਵਰੀ ( ਵਰਿੰਦਰ ਸਿੰਘ ਹੀਰਾ) ਸੂਬੇ ਦੇ ਸਿੱਖਿਆ ਢਾਂਚੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਮੰਤਵ ਨਾਲ ਕੀਤੀ ਪਹਿਲਕਦਮੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਡਿਜੀਟਲ ਸਿੱਖਿਆ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲੈਪਟਾਪ ਵੰਡਣ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਦੇ ਮਾਹੌਲ ਵਿੱਚ ਲਾਜ਼ਮੀ ਉਪਕਰਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਂਦਿਆਂ ਇਹ ਲੈਪਟਾਪ ਡਿਜੀਟਲ ਸਿੱਖਿਆ ਦੇ ਪਸਾਰ ਦੀਆਂ ਵਿਆਪਕ ਕੋਸ਼ਿਸ਼ਾਂ ਦਾ ਹਿੱਸਾ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਪਹਿਲੇ ਪੜਾਅ ਅਧੀਨ ਦਿੱਤੇ ਜਾ ਰਹੇ ਪ੍ਰਾਈਮ ਬੁੱਕ 4ਜੀ ਲੈਪਟਾਪ ਵਿਸ਼ਵ ਦੇ ਸਭ ਤੋਂ ਕਿਫ਼ਾਇਤੀ ਅਤੇ ਖ਼ਾਸ ਤੌਰ ਉਤੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਵਧੀਆ ਪ੍ਰਦਰਸ਼ਨ ਲਈ ਤਿਆਰ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ 14 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ਜਾ ਰਹੇ ਇਹ ਲੈਪਟਾਪ ਈ.ਆਈ., ਪੀ.ਏ.ਐਲ. ਮਾਈਂਡਸਪਾਰਕ ਸਾਫ਼ਟਵੇਅਰ ਮਾਡਿਊਲ ਨਾਲ ਲੈਸ ਹਨ, ਜੋ ਵਿਅਕਤੀਗਤ ਅਨੁਕੂਲ ਸਿਖਲਾਈ ਮੁਹੱਈਆ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਕ੍ਰਾਂਤੀਕਾਰੀ ਪ੍ਰਾਜੈਕਟ ਦਾ ਮੰਤਵ ਵਿਦਿਆਰਥੀਆਂ ਦੀ ਡਿਜੀਟਲ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਉਣਾ ਹੈ ਤਾਂ ਜੋ ਹਰੇਕ ਤਰ੍ਹਾਂ ਦੇ ਪਿਛੋਕੜ ਵਾਲੇ ਵਿਦਿਆਰਥੀਆਂ ਦੀ ਆਧੁਨਿਕ ਤਕਨਾਲੋਜੀ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਈ.ਆਈ., ਪੀ.ਏ.ਐਲ. ਮਾਈਂਡਸਪਾਰਕ ਤਕਨਾਲੋਜੀ ਵਿਦਿਆਰਥੀਆਂ ਦੀ ਏ.ਆਈ. ਤਕਨੀਕ ਤੱਕ ਪਹੁੰਚ ਦੇ ਨਾਲ—ਨਾਲ ਵਿਅਕਤੀਗਤ ਲੋੜਾਂ ਮੁਤਾਬਕ ਸਿੱਖਿਆ ਉਤੇ ਜ਼ੋਰ ਦਿੰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਲੈਪਟਾਪ ਕਿਫ਼ਾਇਤੀ ਤੇ ਟਿਕਾਊ ਹੋਣ ਦੇ ਨਾਲ—ਨਾਲ ਸੁਰੱਖਿਅਤ ਅਪਰੇਟਿੰਗ ਸਿਸਟਮ, ਕੰਟਰੋਲਡ ਪਹੁੰਚ ਅਤੇ ਡੇਟਾ ਇਨਕ੍ਰਿਪਸ਼ਨ ਵਰਗੇ ਆਧੁਨਿਕ ਡਿਜੀਟਲ ਸੁਰੱਖਿਆ ਮਾਪਦੰਡਾਂ ਨਾਲ ਲੈਸ ਹਨ, ਜਿਸ ਨਾਲ ਅਧਿਆਪਨ ਤਜਰਬਾ ਸੁਰੱਖਿਅਤ ਤੇ ਸੁਚਾਰੂ ਹੋਣਾ ਯਕੀਨੀ ਬਣੇਗਾ। ਉਨ੍ਹਾਂ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਪ੍ਰਸ਼ਾਸਨ ਨੂੰ ਮੁਬਾਰਕਬਾਦ ਦਿੱਤੀ। ਭਗਵੰਤ ਸਿੰਘ ਮਾਨ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਸ ਲਈ ਹਰ ਹਰਬਾ ਵਰਤਿਆ ਜਾਵੇਗਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਇਹ ਪਹਿਲਕਦਮੀ ਵਿਦਿਅਕ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਇਕ ਤਜਰਬੇ ਦੇ ਮਾਡਲ ਉਤੇ ਆਧਾਰਤ ਹੈ, ਜਿਸ ਤਹਿਤ ਕਿਫ਼ਾਇਤੀ ਤੇ ਉੱਚ ਸਪੈਸੀਫਿਕੇਸ਼ਨਾਂ ਵਾਲੇ ਲੈਪਟਾਪ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਡਿਜੀਟਲ ਹੁਨਰ ਤੇ ਗਿਆਨ ਮੁਹੱਈਆ ਕਰੇਗਾ ਅਤੇ ਸਿਖਿਆਰਥੀਆਂ ਨੂੰ ਅਧਿਆਪਨ ਜੁਗਤਾਂ ਵਿੱਚ ਡਿਜੀਟਲ ਸਰੋਤਾਂ ਦੇ ਰਲੇਵੇਂ ਦਾ ਮੌਕਾ ਦੇਵੇਗਾ।

ਸ੍ਰੀ ਜੋਰਵਾਲ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਪ੍ਰਸ਼ਾਸਨ ਨੇ ਡਿਜੀਟਲ ਪਾੜੇ ਨੂੰ ਪੂਰਨ ਅਤੇ ਵਿਦਿਆਰਥੀ ਕੇਂਦਰਿਤ ਮਿਆਰੀ ਸਿੱਖਿਆ ਤੇ ਸੁਰੱਖਿਆ ਮੁਹੱਈਆ ਕਰਨ ਲਈ ਵੱਡਾ ਕਦਮ ਚੁੱਕਿਆ ਹੈ।

ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਦਾ ਮਾਮਲਾ। ਤਿੰਨਾਂ ਪਿੰਡਾਂ ਦੇ ਗੰਦੇ ਪਾਣੀ ਰੋਕਣ ਲਈ ਸੀਚੇਵਾਲ ਮਾਡਲ ਦੀ ਸਥਾਪਨਾ ਸ਼ੁਰੂ। ਸੀਚੇਵਾਲ ਮਾਡਲ ਤਹਿਤ ਅੱਠਾਂ ਪਿੰਡਾਂ ਦਾ ਪਾਣੀ ਜਾਵੇਗਾ ਸੋਧਿਆ : ਸੰਤ ਸੀਚੇਵਾਲ।

0

ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਦਾ ਮਾਮਲਾ।

ਤਿੰਨਾਂ ਪਿੰਡਾਂ ਦੇ ਗੰਦੇ ਪਾਣੀ ਰੋਕਣ ਲਈ ਸੀਚੇਵਾਲ ਮਾਡਲ ਦੀ ਸਥਾਪਨਾ ਸ਼ੁਰੂ।

ਸੀਚੇਵਾਲ ਮਾਡਲ ਤਹਿਤ ਅੱਠਾਂ ਪਿੰਡਾਂ ਦਾ ਪਾਣੀ ਜਾਵੇਗਾ ਸੋਧਿਆ : ਸੰਤ ਸੀਚੇਵਾਲ।

ਬੁੱਢੇ ਦਰਿਆ ਤੇ ਚਾਰ ਥਾਵਾਂ ਤੇ ਚੱਲ ਰਹੀ ਹੈ ਕਾਰਸੇਵਾ।

ਲੁਧਿਆਣਾ, 14 ਫਰਵਰੀ ( ਵਰਿੰਦਰ ਸਿੰਘ ਹੀਰਾ) ਬੁੱਢੇ ਦਰਿਆ ਨੂੰ ਮੁੜ ਪਵਿੱਤਰ ਬਣਾਉਣ ਦੀ ਸ਼ੁਰੂ ਕੀਤੀ ਗਈ ਕਾਰਸੇਵਾ ਦੌਰਾਨ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ, ਉਸਨੂੰ ਰੋਕਣ ਲਈ ਤਿੰਨ ਪਿੰਡਾਂ ਵਿੱਚ ਸੀਚੇਵਾਲ ਮਾਡਲ ਤਹਿਤ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਹਨਾਂ ਪਿੰਡਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜ਼ਾਇਜ਼ਾ ਲਿਆ। ਪਿੰਡ ਭੂਖੜੀ ਖੁਰਦ ਵਿੱਚ ਸੀਚੇਵਾਲ ਮਾਡਲ ਤਹਿਤ ਬਣਾਏ ਜਾ ਰਹੇ ਤਿੰਨ ਖੂਹਾਂ ਦੇ ਨਿਰਮਾਣ ਦਾ ਕੰਮ 70 ਫੀਸਦੀ ਮੁਕੰਮਲ ਹੋ ਚੁੱਕਾ ਹੈ। ਇਸ ਤਰ੍ਹਾਂ ਲੱਖੋਵਾਲ ਪਿੰਡ ਵਿੱਚ ਵੀ ਕੰਮ ਮੁਕੰਮਲ ਹੋਣ ਦੇ ਨੇੜੇ ਹੈ।

 ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਭੂਖੜੀ ਖੁਰਦ ਵਿੱਚ ਛੱਪੜ ਨੂੰ ਸਾਫ ਕਰਨਾ ਹੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਪਿੰਡ ਦਾ ਛੱਪੜ ਬਿਲਕੁਲ ਬੁੱਢੇ ਦਰਿਆ ਦੇ ਕਿਨਾਰੇ ਤੇ ਹੈ। ਇਸ ਛੱਪੜ ਵਿੱਚ ਡੇਅਰੀਆਂ ਦੇ ਪੈ ਰਿਹਾ ਗੋਹਾ ਕੱਢਣ ਲਈ ਹੀ ਲਗਭਗ ਇੱਕ ਹਫਤੇ ਦਾ ਸਮਾਂ ਲੱਗ ਗਿਆ। ਉਹਨਾਂ ਨੇ ਦੱਸਿਆ ਕਿ ਲਗਾਤਾਰ ਦੋ ਮਸ਼ੀਨਾਂ ਗੋਹਾ ਕੱਢਣ ਲਈ ਦਿਨ ਰਾਤ ਚੱਲਦੀਆਂ ਰਹੀਆਂ ਤਾਂ ਜਾ ਕਿ ਇਸ ਗੋਹੇ ਨੂੰ ਕੱਢਿਆ ਜਾ ਸਕਿਆ। ਹੁਣ ਸੀਚੇਵਾਲ ਮਾਡਲ ਤਹਿਤ ਬਣ ਰਹੇ ਖੂਹਾਂ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਤੇ ਜਲਦੀ ਹੀ ਇਸ ਪਿੰਡ ਦਾ ਗੰਦਾ ਪਾਣੀ ਸੋਧਕੇ ਖੇਤੀ ਨੂੰ ਲੱਗਦਾ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਇੱਕ ਵੱਖਰੀ ਟੀਮ ਪਿੰਡ ਲੱਖੋਵਾਲ ਵਿੱਚ ਸੀਚੇਵਾਲ ਮਾਡਲ ਤਹਿਤ ਛੱਪੜ ਦਾ ਨਿਰਮਾਣ ਕਰਨ ਵਿੱਚ ਲੱਗੀ ਹੋਈ ਹੈ। ਪਿੰਡ ਬੱੁਢੇਵਾਲ ਵਿੱਚ ਛੱਪੜ ਦੀ ਖੁਦਾਈ ਕਰਕੇ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੌਰਾਨ ਚਾਰ ਥਾਵਾਂ ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਗੁਰਦੁਆਰਾ ਗਊਘਾਟ ਨੇੜੇ ਪੰਪਿੰਗ ਸਟੇਸ਼ਨ ਅਤੇ ਜਮਾਲਪੁਰ ਰੋਡ ਤੇ 225 ਐਮ.ਐਲ.ਡੀ ਟਰੀਟਮੈਂਟ ਪਲਾਂਟ ਦੇ ਨੇੜੇ ਦੋ ਕਰੇਨਾਂ ਬੱੁਢੇ ਦਰਿਆ ਵਿੱਚੋਂ ਗਾਰ ਕੱਢਣ ਲਈ ਲੱਗੀਆਂ ਹੋਈਆਂ ਹਨ। ਦਰਿਆ ਵਿੱਚ 8 ਤੋਂ 10 ਫੱੁਟ ਤੱਕ ਗਾਰ ਜੰਮਣ ਨਾਲ ਪਾਣੀ ਦਾ ਵਹਾਅ ਉਲਟ ਦਿਸ਼ਾ ਵੱਲ ਜਾ ਰਿਹਾ ਸੀ। ਇਹ ਦੋਵੇਂ ਕਰੇਨਾਂ ਚੱਲਣ ਨਾਲ ਦਰਿਆ ਵਿੱਚ ਵੱਡੇ ਪੱਧਰ ਤੇ ਗਾਰ ਕੱਢੀ ਗਈ ਹੈ। ਜਿਸ ਨਾਲ ਦਰਿਆ ਦਾ ਵਹਾਅ ਠੀਕ ਦਿਸ਼ਾ ਵੱਲ ਚੱਲਣ ਲੱਗ ਗਿਆ ਹੈ। ਇਸੇ ਤਰ੍ਹਾਂ ਜ਼ਮਾਲਪੁਰ ਰੋਡ ਤੇ ਹੀ ਬਣਾਏ ਜਾ ਰਹੇ ਇਸ਼ਨਾਨ ਘਾਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ਼ਨਾਨ ਘਾਟ ਹੋਰ ਬਣਾਉਣ ਵਾਸਤੇ ਵੀ ਪੱਥਰ ਮੰਗਵਾਇਆ ਗਿਆ ਹੈ।

ਬੁੱਢੇ ਦਰਿਆ ਦੇ ਉਪਰੀ ਹਿੱਸੇ ਦੇ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਦਰਿਆ ਵਿੱਚ ਪੈ ਰਿਹਾ ਹੈ। ਉਸਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਚਾਰ ਪਿੰਡਾਂ ਨੂੰ 6000 ਲੀਟਰ ਵਾਲੇ ਵੈਕਿਊਮ ਟੈਂਕਰ ਦੇਣ ਵਾਸਤੇ 15 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਵੈਕਿਊਮ ਟੈਂਕਰ ਡੇਅਰੀਆਂ ਵਿੱਚੋਂ ਦਰਿਆ ਵਿੱਚ ਪੈ ਰਹੇ ਮਲ ਮੂਤਰ ਨੂੰ ਚੁੱਕ ਕੇ ਖੇਤਾਂ ਤੱਕ ਪਹੰਚਣ ਲਈ ਵਰਤੇ ਜਾਣਗੇ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੇ 5000 ਲੀਟਰ ਵਾਲੇ ਨਵੇਂ ਟੈਂਕਰਾਂ ਲਈ ਦੋ ਪਿੰਡਾਂ ਨੂੰ 7 ਲੱਖ 31 ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਵੱਲੋਂ 17 ਫਰਵਰੀ 2025 ਦਿਨ ਸੋਮਵਾਰ ਨੂੰ ਬੁੱਢੇ ਦਰਿਆ ਦਾ ਦੌਰਾ ਕਰਨਗੇ। ਬੁੱਢੇ ਦਰਿਆ ਵਿੱਚ ਪੈ ਰਹੇ ਜ਼ਹਿਰੀਲੇ ਤੇ ਗੰਦੇ ਪਾਣੀਆਂ ਨੂੰ ਰੋਕਣ ਵਾਸਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 2 ਫਰਵਰੀ 2024 ਤੋਂ ਕਾਰਸੇਵਾ ਸ਼ੁਰੂ ਕੀਤੀ ਗਈ ਹੈ। ਕਾਰਸੇਵਾ ਦੇ ਪਹਿਲੇ ਪੜਾਅ ਦੌਰਾਨ ਬੁੱਢੇ ਦਰਿਆ ਦੇ ਕਿਨਾਰਿਆਂ ਤੇ ਬੂਟੇ ਲਗਾਏ ਸਨ। ਕਾਰਸੇਵਾ ਦਾ ਦੂਜਾ ਪੜਾਅ 22 ਦਸੰਬਰ 2024 ਨੂੰ ਸ਼ੁਰੂ ਕੀਤਾ ਗਿਆ ਸੀ ਜਿਸ ਦੌਰਾਨ ਡੇਅਰੀਆਂ, ਫੈਕਟਰੀਆਂ ਤੇ ਨਗਰ ਨਿਗਰ ਦੇ ਪਾਣੀਆਂ ਨੂੰ ਰੋਕਣ ਲਈ ਮੁਹਿੰਮ ਚਲਾਈ ਸੀ। ਇਸਤੋਂ ਪਹਿਲਾਂ ਵੀ ਕਈ ਵਾਰ ਡਾ. ਰਵਜੋਤ ਸਿੰਘ ਵੱਲੋਂ ਬੁੱਢੇ ਦਰਿਆ ਦਾ ਦੌਰਾ ਕਰ ਚੁੱਕੇ ਹਨ।

ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਅਚਨਚੇਤ ਚੈਕਿੰਗ। 2 ਬੱਚਿਆਂ ਦਾ ਵੀ ਕੀਤਾ ਰੈਸਕਿਊ।

0

ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਅਚਨਚੇਤ ਚੈਕਿੰਗ।

2 ਬੱਚਿਆਂ ਦਾ ਵੀ ਕੀਤਾ ਰੈਸਕਿਊ।

ਲੁਧਿਆਣਾ, 14 ਫਰਵਰੀ ( ਵਰਿੰਦਰ ਸਿੰਘ ਹੀਰਾ) ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜ਼ੋਰਵਾਲ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ, ਸਿੱਖਿਆ ਵਿਭਾਗ ਅਤੇ ਬਚਪਨ ਬਚਾਉ ਅੰਦੋਲਨ ਵੱਲੋ ਸਾਂਝੇ ਤੌਰ ‘ਤੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਵਿਖੇੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਅਭਿਆਨ ਚਲਾਇਆ ਗਿਆ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਜੋਕਿ ਇਸ ਅਭਿਆਨ ਦੇ ਨੋਡਲ ਅਫ਼ਸਰ ਹਨ, ਦੀ ਪ੍ਰਧਾਨਗੀ ਹੇਠ ਜੀ.ਐਮ.ਡੀ. ਮਾਲ, ਨੇੜੇ ਰੇਲਵੇ ਸਟੇਸ਼ਨ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਬਾਲ ਭਿੱਖਿਆ ਦੀ ਰੋਕਥਾਮ ਲਈ ਰੇਡ ਕੀਤੀ ਗਈ।

ਇਸ ਵਿਸ਼ੇਸ਼ ਚੈਕਿੰਗ ਦੌਰਾਨ 2 ਬੱਚਿਆਂ ਨੂੰ ਭੀਖ ਮੰਗਣ ਅਤੇ ਨਸ਼ਾ ਕਰਨ ਤੋਂ ਰੋਕਿਆ ਗਿਆ ਅਤੇ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਹਨਾਂ ਬੱਚਿਆਂ ਦੇ ਮਾਤਾ-ਪਿਤਾ ਜਾਂ ਕੋਈ ਰਿਸ਼ਤੇਦਾਰ ਨਾ ਹੋਣ ਕਰਕੇ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਬਾਲ ਘਰ ਵਿਖੇ ਸ਼ਿਫਟ ਕੀਤਾ ਗਿਆ ।

ਉਨ੍ਹਾਂ ਆਮ ਜਨਤਾ ਨੂੰ ਵੀ ਜਾਗਰੂਕ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਚਾਈਲਡ ਬੈਗਿੰਗ ਤੇ ਠੱਲ ਪਾਈ ਜਾ ਸਕੇ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਰਸ਼ਮੀ ਵੱਲੋ ਦੱਸਿਆ ਗਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ ਤਾਂ ਜੋ ਲੁਧਿਆਣਾ ਨੂੰ ਬਾਲ ਭਿਖਿਆ ਤੋਂ ਮੁਕਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਅਤੇ ਉਜਵਲ ਬਣਾਇਆ ਜਾ ਸਕੇ।

MOST COMMENTED