ਗੁਰਦੁਆਰਾ ਸ੍ਰੀ ਬੇਰੀ ਸਾਹਿਬ ਪਿੰਡ ਮੈੜੀ ਵਿਖੇ ਬਾਲ ਦਿਵਸ ਮਨਾਇਆ ਗਿਆ
ਗੁਰੂ ਦੁਆਰਾ ਸ੍ਰੀ ਬੇਰੀ ਸਾਹਿਬ ਪਿੰਡ ਮੈੜੀ ਵਿਖੇ ‘ ਬਾਲ ਦਿਵਸ ‘ ਮਨਾਇਆ ਗਿਆ।
ਮੈੜੀ/ ਉਨਾ , 26 ਦਸੰਬਰ ( ਵਰਿੰਦਰ ਸਿੰਘ) ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿਖੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ‘ ਬਾਲ ਦਿਵਸ’ ਮਨਾਇਆ ਗਿਆ। ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ, ਪੰਜਾਬ ਹਰਿਆਣਾ ਹਿਮਾਚਲ ਤੋਂ ਬਾਬਾ ਜੀ ਦੀਆਂ ਸੰਗਤਾਂ, ਸਮੂਹ ਗੁਰਦੁਆਰਾ ਸਾਹਿਬਾਨ ਦੀ ਮੈਨੇਜਿੰਗ ਕਮੇਟੀਆਂ , ਨਿਹੰਗ ਸਿੰਘ ਜਥੇਬੰਦੀਆਂ ਸਮੇਤ ਬਹੁਤ ਸਾਰੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਅਤੇ ਸਮੂਹ ਸੰਗਤਾਂ ਨੇ ਗੁਰੂ ਸਾਹਿਬ ਵੱਲੋਂ ਵਿਖਾਏ ਰਸਤੇ ਤੇ ਚੱਲਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਸਮਾਜ ਦੇ ਹਰ ਤਬਕੇ ਤੋਂ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿਖੇ ਆਈਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਦਾ ਸਿਰੋਪਾਉ ਪਾ ਕੇ ਸਤਿਕਾਰ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਦੇ ਮੁੱਖ ਪ੍ਰਬੰਧਕ ਸ੍ਰੀ ਨਰੇਸ਼ ਸ਼ਰਮਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸ਼ਹੀਦੀ ਸਮਾਗਮ ਬਾਬਾ ਵਡਭਾਗ ਸਿੰਘ ਜੀ ਦੇ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿਖੇ ਕਰਵਾਏ ਜਾਂਦੇ ਹਨ। ਉਹਨਾਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕੀ ਸ਼ਹੀਦੀ ਸਮਾਗਮਾਂ ਦੌਰਾਨ ਵੀ ਸੰਗਤਾਂ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਤਾਂ ਕਿ ਉਹਨਾਂ ਬੱਚਿਆਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਤ ਸਾਲ ਅਤੇ ਨੌ ਸਾਲ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਬਾਰੇ ਵੀ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਤੇ ਬੋਲਦਿਆਂ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਪ੍ਰਧਾਨ ਬਾਬਾ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਨੇ ਕੁਰਬਾਨੀ ਕਿਸੇ ਇੱਕ ਧਰਮ ਲਈ ਜਾਂ ਕਿਸੇ ਇੱਕ ਕੌਮ ਲਈ ਨਹੀਂ ਸੀ ਦਿੱਤੀ ,ਉਨਾਂ ਇਹ ਕੁਰਬਾਨੀ ਜ਼ੁਲਮ ਅਤੇ ਜਾਲਮ ਦਾ ਮੁਕਾਬਲਾ ਕਰਦਿਆਂ ਪੂਰੀ ਮਨੁੱਖਤਾ ਜਾਤੀ ਲਈ ਦਿੱਤੀ ਸੀ , ਅਤੇ ਇਤਿਹਾਸ ਵਿੱਚ ਇਸ ਤੋਂ ਬੜੀ ਕੁਰਬਾਨੀ ਨਹੀਂ ਮਿਲਦੀ ਹੈ । ਉਹਨਾਂ ਕਿਹਾ ਕਿ ਸਾਰਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਸੇਧ ਲੈ ਕੇ ਗੁਰਮਤ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਚਾਹੀਦਾ ਹੈ।






ਸਮਰਾਲਾ , 26 ਮਾਰਚ ( ਵਰਿੰਦਰ ਸਿੰਘ ਹੀਰਾ ) : ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਗੜ੍ਹੀ ਤਰਖਾਣਾ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫਦ ਮੰਗ ਪੱਤਰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ। ਮੰਗ ਪੱਤਰ ਵਿੱਚ ਵਫਦ ਵੱਲੋਂ ਮੰਗ ਕੀਤੀ ਗਈ ਕਿ ਸਮਰਾਲਾ ਤਹਿਸੀਲ ਅਧੀਨ ਸਰਹਿੰਦ ਨਹਿਰ ਦੇ ਨਾਲ ਪਿੰਡ ਗੜ੍ਹੀ ਤਰਖਾਣਾ ਤੋਂ ਇੱਕ ਬਰਸਾਤੀ ਡਰੇਨ ਪਿੰਡ ਭਰਥਲਾ, ਪਾਲ ਮਾਜਰਾ, ਜਲਾਹ ਮਾਜਰਾ ਰਾਹੀਂ ਹੁੰਦੀ ਹੋਈ ਢੰਡੇ ਸਾਈਫਨ ਤੱਕ ਜਾਂਦੀ ਹੈ, ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਇਸ ਡਰੇਨ ਨਾਲ ਲੱਗਦੇ ਲੋਕਾਂ ਵੱਲੋਂ ਨਜਾਇਜ ਕਬਜੇ ਕਰਕੇ ਉਕਤ ਡਰੇਨ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਦੌਰਾਨ ਡਰੇਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਮਾਲੀ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਨਜਾਇਜ ਕਬਜੇ ਛੁਡਾਉਣ ਅਤੇ ਡਰੇਨ ਚਾਲੂ ਕਰਨ ਸਬੰਧੀ ਯੂਨੀਅਨ ਅਤੇ ਇਨ੍ਹਾਂ ਪਿੰਡਾਂ ਦੇ ਪੀੜਤ ਲੋਕਾਂ ਵੱਲੋਂ ਸਮਰਾਲਾ ਪ੍ਰਸਾਸ਼ਨ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪ੍ਰੰਤੂ ਇਨ੍ਹਾਂ ਮੰਗ ਪੱਤਰਾਂ ਤੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਵਫਦ ਨੇ ਮੰਗ ਕੀਤੀ ਸਮਰਾਲਾ ਪ੍ਰਸਾਸ਼ਨ ਨੂੰ ਲੋਕਾਂ ਵੱਲੋਂ ਕੀਤੇ ਨਜਾਇਜ ਕਬਜੇ ਛੁਡਾਉਣ ਅਤੇ ਡਰੇਨ ਨੂੰ ਚਾਲੂ ਕਰਨ ਸਬੰਧੀ ਜਲਦੀ ਹਦਾਇਤਾਂ ਜਾਰੀ ਕੀਤੀਆਂ ਜਾਣ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੀ. ਕੇ. ਯੂ. (ਕਾਦੀਆਂ) ਵੱਲੋਂ 3 ਅਪ੍ਰੈਲ ਤੋਂ ਬਾਅਦ ਐਸ. ਡੀ. ਐਮ. ਸਮਰਾਲਾ ਦੇ ਦਫਤਰ ਅੱਗੇ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ। ਮੰਗ ਪੱਤਰ ਪ੍ਰਾਪਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ਸਬੰਧੀ ਸਮਰਾਲਾ ਪ੍ਰਸਾਸ਼ਨ ਹਦਾਇਤਾਂ ਜਾਰੀ ਕਰਕੇ ਨਜਾਇਜ ਕਬਜਾ ਧਾਰਕਾਂ ਵੱਲੋਂ ਡਰੇਨ ਦੀ ਜਗ੍ਹਾ ਛੁਡਾਈ ਜਾਵੇਗੀ ਅਤੇ ਡਰੇਨ ਚਾਲੂ ਕਰ ਦਿੱਤੀ ਜਾਵੇਗੀ। ਮੰਗ ਪੱਤਰ ਦੇਣ ਮੌਕੇ ਉਕਤ ਤੋਂ ਇਲਾਵਾ ਦਰਸ਼ਨ ਸਿੰਘ ਰੋਹਲੇ ਪ੍ਰਧਾਨ ਬਲਾਕ ਸਮਰਾਲਾ, ਨਿਰਮਲ ਸਿੰਘ ਰੋਹਲਾ, ਹਰਬੰਸ ਸਿੰਘ ਖੀਰਨੀਆਂ, ਗੁਰਜੀਤ ਸਿੰਘ ਗੜ੍ਹੀ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ, ਹਰਮੇਲ ਸਿੰਘ ਸਾਬਕਾ ਸਰਪੰਚ, ਬਲਰਾਮ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ, ਮਲਵਿੰਦਰ ਸਿੰਘ ਸਰਪੰਚ, ਹਰਦੀਪ ਸਿੰਘ, ਸੁੱਖਾ ਸਿੰਘ ਆਦਿ ਹਾਜ਼ਰ ਸਨ।