ਸਮਰਾਲਾ 26 ਸਤੰਬਰ ( ਵਰਿੰਦਰ ਸਿੰਘ) ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਡੇਢ ਸਾਲ ਤੋਂ ਵੱਧ ਸਮੇਂ ਦਾ ਅਰਸਾ ਹੋ ਗਿਆ, ਇਸ ਦੌਰਾਨ ਹੀ ਪੰਜਾਬ ਦੇ ਆਮ ਲੋਕਾਂ ਦਾ ਇਸ ਸਰਕਾਰ ਨੇ ਤ੍ਰਾਹ ਕੱਢ ਕੇ ਰੱਖ ਦਿੱਤਾ ਹੈ, ਹਰ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਜਿਲਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਜਿਆਦਾਤਰ ਆਰਥਿਕਤਾ ਖੇਤੀ ਅਤੇ ਦੁਧਾਰੂ ਪਸ਼ੂਆਂ ਤੇ ਟਿਕੀ ਹੋਈ ਹੈ। ਪੰਜਾਬ ਦੇ 80 ਪ੍ਰਤੀਸ਼ਤ ਲੋਕ ਆਪਣੇ ਰੋਜਾਨਾਂ ਜੀਵਨ ਦੇ ਨਿਰਵਾਹ ਲਈ ਆਪਣੇ ਘਰਾਂ ਅੰਦਰ ਦੁਧਾਰੂ ਪਸ਼ੂ ਪਾਲਦੇ ਹਨ, ਉਨ੍ਹਾਂ ਦੀ ਆਰਥਿਕਤਾ ਇੰਨੀ ਚੰਗੀ ਨਹੀਂ ਹੈ ਕਿ ਉਹ ਨਕਦ ਪਸ਼ੂ ਖਰੀਦ ਸਕਣ, ਇਸ ਲਈ ਉਹ ਪੰਜਾਬ ਸਰਕਾਰ ਤੋਂ ਕਰਜਾ ਲੈ ਕੇ ਪਸ਼ੂ ਖਰੀਦ ਕਰਦੇ ਹਨ, ਪ੍ਰੰਤੂ ਇਸ ਲਈ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਸਬੰਧਿਤ ਪਸ਼ੂ ਹਸਪਤਾਲ ਤੋਂ ਪਸ਼ੂਆਂ ਦੀ ਸਿਹਤ ਸਬੰਧੀ ਸਰਟੀਫਿਕੇਟ ਲੈਣਾ ਪੈਂਦਾ ਹੈ, ਜਿਸ ਨੂੰ ਵੈਟਰਨਰੀ ਹੈਲਥ ਅਫਸਰ ਜਾਰੀ ਕਰਦਾ ਹੈ। ਸਮਰਾਲਾ ਦੇ ਪਸ਼ੂ ਹਸਪਤਾਲ ਸਬੰਧੀ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜਾਰੀ ਕਾਰਨ ਸਮਰਾਲਾ ਦੇ ਵੈਟਰਨਰੀ ਹਸਪਤਾਲ ਵਿਖੇ ਪਸ਼ੂਆਂ ਦੀ ਹੈਲਥ ਸਬੰਧੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਹਸਪਤਾਲ ਵਿਖੇ ਸਰਕਾਰ ਦੁਆਰਾ ਨੰਬਰ ਲੱਗੀ ਕਾਪੀਆਂ ਹੀ ਨਹੀਂ ਭੇਜੀਆਂ ਜਾ ਰਹੀਆਂ। ਇਸ ਸਬੰਧੀ ਹਸਪਤਾਲ ਦੇ ਮੁੱਖ ਵੈਟਰਨਰੀ ਅਫਸਰ, ਮੁੱਖ ਦਫਤਰ ਅਤੇ ਉੱਚ ਅਧਿਕਾਰੀਆਂ ਨੂੰ ਕਾਫੀ ਵਾਰ ਲਿਖਤੀ ਅਤੇ ਜੁਬਾਨੀ ਤੌਰ ਤੇ ਕਹਿ ਚੁੱਕੇ ਹਨ, ਪ੍ਰੰਤੂ ਕਾਪੀਆਂ ਭੇਜੀਆਂ ਨਹੀਂ ਜਾ ਰਹੀਆਂ। ਜਿਸ ਕਾਰਨ ਸੈਕੜਿਆਂ ਦੀ ਗਿਣਤੀ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਪਸ਼ੂਆਂ ਲਈ ਲੋਨ ਪਾਸ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਰਟੀਫਿਕੇਟਾਂ ਕਾਰਨ ਉਨ੍ਹਾਂ ਦੇ ਲੋਨ ਜਾਰੀ ਨਹੀਂ ਹੋ ਰਹੇ ਅਤੇ ਆਮ ਲੋਕਾਂ ਦਾ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਕਾਰਨ ਉਹ ਕਾਫੀ ਮਾਨਸਿਕ ਤਣਾਅ ਵਿੱਚ ਗੁਜਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਉਹ ਆਪਣੀ ਮੁੱਢਲੀ ਜਿੰਮੇਵਾਰੀ ਸਮਝਦੇ ਹੋਏ ਆਮ ਲੋਕਾਂ ਦੀ ਪ੍ਰਮੁੱਖ ਲੋੜ ਨੂੰ ਸਮਝਦੇ ਹੋਏ ਜਲਦੀ ਤੋਂ ਜਲਦੀ ਪਸ਼ੂ ਹਸਪਤਾਲਾਂ ਵਿੱਚ ਪਸ਼ੂਆਂ ਦੀ ਹੈਲਥ ਸਬੰਧੀ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਕਾਪੀਆਂ ਭੇਜਣ ਤਾਂ ਜੋ ਲੰਬੇ ਸਮੇਂ ਪਸ਼ੂਆਂ ਸਬੰਧੀ ਲੋਨ ਜੋ ਪਾਸ ਹੋ ਚੁੱਕੇ ਹਨ, ਇਸ ਸਰਟੀਫਿਕੇਟ ਕਾਰਨ ਰੁਕੇ ਪਏ ਹਨ, ਜਾਰੀ ਹੋ ਸਕਣ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਪਸ਼ੂ ਹਸਪਤਾਲਾਂ ਵਿੱਚ ਉਕਤ ਕਾਪੀਆਂ ਨਾ ਭੇਜੀਆਂ ਤਾਂ ਯੂਨੀਅਨ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਹਲਕਾ ਵਿਧਾਇਕ ਸਮਰਾਲਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੀਆਂ ਮੁੱਢਲੀਆਂ ਲੋੜਾਂ ਅਤੇ ਆਮ ਲੋਕਾਂ ਦੀਆਂ ਮੁੱਖ ਲੋੜਾਂ ਵੱਲ ਤਵੱਜੋ ਦੇਣ ਤਾਂ ਜੋ ਆਮ ਲੋਕੀਂ ਮਾਨਸਿਕ ਪਰੇਸ਼ਾਨੀ ਤੋਂ ਬਚ ਸਕਣ।