Home Blog
ਗੋਸਲਾਂ ਸਕੂਲ ਦੀ ਵਿਦਿਆਰਥਣ ਗੁਰਬੀਰ ਕੌਰ ਨੇ 12ਵੀਂ ਦੀ ਮੈਰਿਟ ਵਿੱਚ ਥਾਂ ਬਣਾ ਕੇ ਸਕੂਲ ਦਾ ਨਾਂ ਕੀਤਾ ਰੌਸ਼ਨ ਗੁਰਬੀਰ ਕੌਰ ਨੇ 487/500 ਅੰਕ ਲੈ ਕੇ ਪੰਜਾਬ ਪੱਧਰ ’ਤੇ ਦਰਜ ਕਰਵਾਈ ਮੌਜੂਦਗੀ
ਗੋਸਲਾਂ ਸਕੂਲ ਦੀ ਵਿਦਿਆਰਥਣ ਗੁਰਬੀਰ ਕੌਰ ਨੇ 12ਵੀਂ ਦੀ ਮੈਰਿਟ ਵਿੱਚ ਥਾਂ ਬਣਾ ਕੇ ਸਕੂਲ ਦਾ ਨਾਂ ਕੀਤਾ ਰੌਸ਼ਨ
ਗੁਰਬੀਰ ਕੌਰ ਨੇ 487/500 ਅੰਕ ਲੈ ਕੇ ਪੰਜਾਬ ਪੱਧਰ ’ਤੇ ਦਰਜ ਕਰਵਾਈ ਮੌਜੂਦਗੀ
ਸਮਰਾਲਾ, 15 ਮਈ ( ਵਰਿੰਦਰ ਸਿੰਘ ਹੀਰਾ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਸਲਾਂ ਦੀ ਮਿਹਨਤੀ ਅਤੇ ਹੋਣਹਾਰ ਵਿਦਿਆਰਥਣ ਗੁਰਬੀਰ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ 487 ਅੰਕ ਹਾਸਲ ਕਰਕੇ ਰਾਜ ਪੱਧਰੀ ਮੈਰਿਟ ਲਿਸਟ ਵਿੱਚ ਆਪਣੀ ਥਾਂ ਬਣਾਈ ਹੈ। ਇਹ ਉਪਲਬਧੀ ਨਾ ਸਿਰਫ਼ ਸਕੂਲ ਲਈ ਮਾਣ ਦਾ ਮੌਕਾ ਹੈ, ਬਲਕਿ ਪੂਰੇ ਗੋਸਲਾਂ ਪਿੰਡ ਲਈ ਵੀ ਗੌਰਵ ਦੀ ਗੱਲ ਹੈ। ਗੁਰਬੀਰ ਦੀ ਇਸ ਕਾਮਯਾਬੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਪ੍ਰਤਿਭਾ ਅਤੇ ਸਮਰੱਥਾ ਵਿੱਚ ਕਿਸੇ ਤੋਂ ਘੱਟ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਨੇ ਗੁਰਬੀਰ ਕੌਰ ਨੂੰ ਸਨਮਾਨਿਤ ਕਰਨ ਲਈ ਕੀਤੇ ਗਏ ਸਾਦੇ ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ, ਨਗਰ ਨਿਵਾਸੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ ਗੁਰਬੀਰ ਲਈ ਨਹੀਂ, ਸਗੋਂ ਸਾਡੇ ਪੂਰੇ ਸਕੂਲ ਲਈ ਇੱਕ ਇਤਿਹਾਸਕ ਮੋੜ ਹੈ। ਇਹ ਹੋਰ ਬੱਚਿਆਂ ਨੂੰ ਪ੍ਰੇਰਣਾ ਦੇਵੇਗਾ ਕਿ ਦ੍ਰਿੜ ਨਿਸ਼ਚੇ ਅਤੇ ਲਗਾਤਾਰ ਮਿਹਨਤ ਨਾਲ ਕੁਝ ਵੀ ਸੰਭਵ ਹੈ। ਇਸ ਮੌਕੇ ਗੁਰਬੀਰ ਕੌਰ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਉਸਨੇ ਹਰ ਰੋਜ਼ ਨਿਯਮਤ ਪੜ੍ਹਾਈ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੀਆਂ ਦੁਆਵਾਂ ਨਾਲ ਇਹ ਸਭ ਹਾਸਲ ਕੀਤਾ। ਇਸ ਸਮਾਗਮ ਦੌਰਾਨ ਗੁਰਬੀਰ ਕੌਰ ਨੂੰ ਸਕੂਲ ਪਿ੍ਰੰਸੀਪਲ ਸੰਜੀਵ ਸੱਦੀ, ਭਿੰਦਰ ਸਿੰਘ ਸੈਕਟਰੀ ਅਤੇ ਪਰਮਿੰਦਰ ਕੌਰ ਸਪੁੱਤਰੀ ਮਨਜੀਤ ਕੌਰ ਨੰਬਰਦਾਰ ਨੇ 5100-5100 ਰੁਪਏ ਦਾ ਨਕਦ ਇਨਾਮ ਅਤੇ ਅਸ਼ੀਰਵਾਦ ਦਿੱਤਾ। ਸਮਾਗਮ ਦੌਰਾਨ ਸਰਪੰਚ ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ ਗੋਸਲਾਂ ਨੇ ਵੀ ਗੁਰਬੀਰ ਕੌਰ ਨੂੰ ਨਕਦ ਇਨਾਮ ਨਾਲ ਸਨਮਾਨ ਕੀਤਾ। ਸਮਾਗਮ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਹਰਪਿੰਦਰ ਸਿੰਘ ਸ਼ਾਹੀ ਨੇ ਨਿਭਾਈ। ਸਮਾਗਮ ਦੌਰਾਨ ਸਮੂਹ ਸਟਾਫ, ਸਹਿਯੋਗੀ ਕਰਮਚਾਰੀਆਂ, ਗਰਾਮ ਪੰਚਾਇਤ, ਨਗਰ ਨਿਵਾਸੀਆਂ ਵੱਲੋਂ ਗੁਰਬੀਰ ਕੌਰ ਨੂੰ ਅਸ਼ੀਰਵਾਦ ਦਿੱਤਾ। ਸਮਾਗਮ ਵਿੱਚ ਗੁਰਬੀਰ ਕੌਰ ਦੇ ਮਾਪਿਆਂ ਤੋਂ ਬਿਨ੍ਹਾਂ ਕੈਸ਼ੀਅਰ ਭੁਪਿੰਦਰ ਸਿੰਘ, ਸਮੂਹ ਸਟਾਫ ਅਤੇ ਨਗਰ ਦੇ ਪਤਵੰਤੇ ਸੱਜਣ ਹਾਜਰ ਸਨ।
ਨਿਤਿਸ਼ ਚੌਧਰੀ ਨੇ ਸਮਰਾਲਾ ਥਾਣਾ ਦਾ ਚਾਰਜ ਸੰਭਾਲਿਆ
ਨਿਤਿਸ਼ ਚੌਧਰੀ ਨੇ ਸਮਰਾਲਾ ਥਾਣਾ ਦਾ ਚਾਰਜ ਸੰਭਾਲਿਆ
ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ – ਚੌਧਰੀ ਥਾਣਾ ਮੁਖੀ
ਸਮਰਾਲਾ 13 ਮਈ ( ਵਰਿੰਦਰ ਸਿੰਘ ਹੀਰਾ ) ਸਮਰਾਲਾ ਵਿਖੇ ਸਬ ਇੰਸਪੈਕਟਰ ਨਿਤਿਸ਼ ਚੌਧਰੀ ਬਤੌਰ ਥਾਣਾ ਮੁਖੀ ਸਮਰਾਲਾ ਥਾਣਾ ਦਾ ਚਾਰਜ ਸੰਭਾਲ ਲਿਆ। ਨਿਤਿਸ਼ ਕੁਮਾਰ ਹੇਡੋਂ ਪੁਲਿਸ ਚੌਂਕੀ ਤੋਂ ਬਦਲ ਕੇ ਸਮਰਾਲਾ ਵਿਖੇ ਆਏ ਹਨ। ਚਾਰਜ ਸੰਭਾਲਣ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾ ਕਾਰਜ ਸਮਰਾਲਾ ਥਾਣਾ ਅਧੀਨ ਪੈਂਦੇ ਇਲਾਕਿਆ ਵਿੱਚ ਅਮਨ ਸ਼ਾਂਤੀ ਬਣਾ ਕੇ ਰੱਖਣਾ ਹੈ। ਦੂਸਰਾ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਖਿਲਾਫ ਨੂੰ ਪੂਰੀ ਤਰ੍ਹਾਂ ਸਫਲ ਕਰਨਾ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਿਥੇ ਸਮੇਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਨ੍ਹਾਂ ਦਾ ਮੁੱਢਲਾ ਉਦੇਸ਼ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਡਾ. ਜੋਤੀ ਯਾਦਵ ਦੀ ਰਹਿਨੁਮਾਈ ਹੇਠ ਸਮਰਾਲਾ ਇਲਾਕੇ ਨੂੰ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਨਕੇਲ ਪਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਅਰੰਭੀ ਜਾ ਰਹੀ ਹੈ, ਜਿਸ ਤਹਿਤ ਬੁਲਿਟ ਮੋਟਰ ਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਅਤੇ ਲੜਕੀਆਂ ਦੇ ਸਕੂਲ ਅੱਗੇ ਖੜ੍ਹਨ ਵਾਲਿਆਂ ਨੂੰ ਕਿਸੇ ਵੀ ਰੂਪ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਛੱਡ ਕੇ ਆਪਣਾ ਵਧੀਆ ਜੀਵਨ ਬਤੀਤ ਕਰਨ ਅਤੇ ਆਪਣੇ ਬੁੱਢੇ ਮਾਂ ਬਾਪ ਦਾ ਸਹਾਰਾ ਬਣਨ। ਉਨ੍ਹਾਂ ਸਮਰਾਲਾ ਇਲਾਕੇ ਦੇ ਨਸ਼ਾ ਤਸਕਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਆਪਣੇ ਗੈਰਕਾਨੂੰਨੀ ਕੰਮ ਕਰਨੇ ਛੱਡ ਦੇਣ, ਜੇਕਰ ਉਨ੍ਹਾਂ ਨੂੰ ਇਲਾਕੇ ਵਿੱਚ ਕੋਈ ਨਸ਼ਾ ਕਰਦਾ ਜਾਂ ਵੇਚਦਾ ਫੜ੍ਹ ਲਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀੇ।
ਮੁੱਖ ਮੰਤਰੀ ਪੈਨਸ਼ਨਰਾਂ ਨੂੰ ਪੇ ਕਮਿਸ਼ਨ ਦੇ ਬਕਾਏ ਦੇਣ ਦੇ ਫੈਸਲੇ ’ਤੇ ਪੁਨਰ ਵਿਚਾਰ ਕਰੇ–ਮੇਘ ਸਿੰਘ ਜਵੰਦਾ
ਮੁੱਖ ਮੰਤਰੀ ਪੈਨਸ਼ਨਰਾਂ ਨੂੰ ਪੇ ਕਮਿਸ਼ਨ ਦੇ ਬਕਾਏ ਦੇਣ ਦੇ ਫੈਸਲੇ ’ਤੇ ਪੁਨਰ ਵਿਚਾਰ ਕਰੇ–ਮੇਘ ਸਿੰਘ ਜਵੰਦਾ
ਸਮਰਾਲਾ, 07 ਮਈ ( ਵਰਿੰਦਰ ਸਿੰਘ ਹੀਰਾ) ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਸਮਰਾਲਾ ਵਿਖੇ ਸੰਗਠਨ ਦੇ ਪ੍ਰਧਾਨ ਮੇਘ ਸਿੰਘ ਜਵੰਦਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਪਹਿਲਗਾਮ ਵਿੱਚ ਅੱਤਵਾਦੀਆਂ ਹੱਥੋਂ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸੰਗਠਨ ਦੇ ਕਾਰਜਕਾਰੀ ਮੈਂਬਰ ਨੇਤਰ ਸਿੰਘ ਮੁੱਤਿਓਂ ਦੇ ਵੱਡੇ ਜੀਜਾ ਗੁਰਦੇਵ ਸਿੰਘ ਦੇ ਚਲਾਣਾ ਕਰਨ ਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਵੰਦਾ ਨੇ ਕਿਹਾ ਤੇ ਇਕ ਜਨਵਰੀ 2016 ਤੋਂ ਬਾਅਦ ਪੇ ਕਮਿਸ਼ਨ ਦਾ ਬਕਾਇਆ ਉਡੀਕਦਿਆਂ ਲਗਭਗ 40 ਹਜਾਰ ਪੈਨਸ਼ਨਰ ਸਵਰਗਵਾਸ ਹੋ ਚੁੱਕੇ ਹਨ ਪ੍ਰੰਤੂ ਸਰਕਾਰ ਵੱਲੋਂ ਇਹ ਬਕਾਇਆ 42 ਕਿਸ਼ਤਾਂ ਵਿੱਚ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜੋ ਕਿ 1 ਅਪ੍ਰੈਲ 2025 ਤੋਂ ਸ਼ੁਰੂ ਹੋਈਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੈਨਸ਼ਨ ਜਥੇਬੰਦੀਆਂ ਵੱਲੋਂ ਵਾਰ ਵਾਰ ਲਿਖਤੀ ਅਪੀਲ ਕੀਤੀ ਗਈ ਕਿ ਬਕਾਏ ਸਬੰਧੀ ਜਾਰੀ ਸਮਾਂ ਸਾਰਨੀ ’ਤੇ ਪੁਨਰ ਵਿਚਾਰ ਕਰਕੇ ਬਕਾਇਆ ਯੱਕਮੁਸ਼ਤ ਦਿੱਤਾ ਜਾਵੇ। ਰਿਟਾ: ਪ੍ਰਿੰਸੀਪਲ ਦਰਸ਼ਨ ਸਿੰਘ ਸਰਵਰਪੁਰ ਨੇ ਆਪਣੀ ਅਸਾਮ ਤੇ ਕਲਕੱਤੇ ਦੀ ਯਾਤਰਾ ਦੀਆਂ ਯਾਦਾਂ ਪੈਨਸ਼ਨਰਾਂ ਨਾਲ ਸਾਂਝੀਆਂ ਕੀਤੀਆਂ। ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਸੀ.ਐਚ.ਟੀ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੱਜ ਮੁਲਾਜ਼ਮ, ਪੈਨਸ਼ਨਰ, ਕਿਸਾਨ, ਮਜ਼ਦੂਰ ਵਰਗ ਆਪਣੇ ਹੱਕਾਂ ਲਈ ਧਰਨੇ ਮੁਜਾਹਰੇ ਕਰਨ ਲਈ ਸੜਕਾਂ ਤੇ ਉਤਰੇ ਹੋਏ ਹਨ। ਸਿਹਤ ਵਿਭਾਗ ਤੋਂ ਰਿਟਾਇਰਡ ਯਸਪਾਲ ਨੇ ਚੰਗੀ ਸਿਹਤ ਦੇ ਰਾਜ਼ ਸਾਂਝੇ ਕੀਤੇ। ਸੀਨੀਅਰ ਮੀਤ ਪ੍ਰਧਾਨ ਦਲੀਪ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਬੁਨਿਆਦੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਕੁਲਭੂਸ਼ਨ ਉਟਾਲਾਂ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਹਰੀ ਚੰਦ ਰਿਟਾ: ਲੈਕਚਰਾਰ ਨੇ ਬਾਖੂਬੀ ਨਿਭਾਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹੈੱਡ ਮਾਸਟਰ ਪ੍ਰੇਮਨਾਥ ਕੈਸ਼ੀਅਰ, ਕੁਲਵੰਤ ਰਾਏ ਮੀਤ ਪ੍ਰਧਾਨ, ਜੈ ਰਾਮ, ਗੁਰਚਰਨ ਸਿੰਘ, ਮੇਲਾ ਸਿੰਘ ਪ੍ਰਧਾਨ ਪੈਨਸ਼ਨਰ ਭਵਨ ਮੈਨੇਜਮੈਂਟ ਕਮੇਟੀ, ਯਸ਼ਪਾਲ, ਸੁਰਿੰਦਰ ਵਰਮਾ, ਮਾ. ਸ਼ਮਸ਼ੇਰ ਸਿੰਘ, ਹਰਬੰਸ ਸਿੰਘ, ਯਸ਼ਪਾਲ ਮਿੰਟਾ, ਦਰਸ਼ਨ ਸਿੰਘ ਕਟਾਣੀ, ਭਰਪੂਰ ਸਿੰਘ, ਬਲਵਿੰਦਰ ਸਿੰਘ, ਹਿੰਮਤ ਸਿੰਘ, ਗੁਰਚਰਨ ਸਿੰਘ, ਰਤਨ ਲਾਲ, ਜੈ ਰਾਮ ਆਦਿ ਹਾਜ਼ਰ ਸਨ।
ਲੇਬਰ ਚੌਂਕ ਵਿੱਚ ਮਿਸਤਰੀਆਂ ਅਤੇ ਮਜ਼ਦੂਰਾਂ ਨੇ ਕਾਰਲ ਮਾਰਕਸ ਦਾ 207ਵਾਂ ਜਨਮ ਦਿਨ ਮਨਾਇਆ।
ਲੇਬਰ ਚੌਂਕ ਵਿੱਚ ਮਿਸਤਰੀਆਂ ਅਤੇ ਮਜ਼ਦੂਰਾਂ ਨੇ ਕਾਰਲ ਮਾਰਕਸ ਦਾ 207ਵਾਂ ਜਨਮ ਦਿਨ ਮਨਾਇਆ।
ਸਮਰਾਲਾ, 05 ਮਈ (ਵਰਿੰਦਰ ਸਿੰਘ ਹੀਰਾ) ਅੱਜ ਸਮਰਾਲਾ ਦੇ ਲੇਬਰ ਚੌਂਕ ਵਿੱਚ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ ਦੀ ਅਗਵਾਈ ਹੇਠ ਕਾਰਲ ਮਾਰਕਸ ਦਾ 207ਵਾਂ ਜਨਮ ਦਿਨ ਮਨਾਇਆ ਗਿਆ। ਜਿਸ ਵਿੱਚ ਕਿਰਤੀ ਕਾਮਿਆਂ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਮੌਕੇ ਇਕੱਤਰ ਮਜ਼ਦੂਰਾਂ ਨੂੰ ਕਾਰਲ ਮਾਰਸ ਦੇ ਜੀਵਨ ਸਬੰਧੀ ਚਾਨਣਾ ਪਾਉਂਦੇ ਹੋਏ ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਕਾਰਲ ਮਾਰਸ ਦਾ ਜਨਮ 5 ਮਈ 1818 ਨੂੰ ਹੋਇਆ। ਜਿਸਨੂੰ ਜਰਮਨ ਫਿਲਾਸਫਰ ਕਿਹਾ ਜਾਂਦਾ ਹੈ। ਉਹ 64 ਸਾਲ 10 ਮਹੀਨੇ 9 ਦਿਨ ਦੀ ਉਮਰ ਭੋਗ ਕੇ 14 ਮਾਰਚ 1883 ਨੂੰ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸਨੇ ‘ਕਮਿਊਨਿਸਟ ਮੈਨੀਫੈਸਟੋ’ ਚਾਰ ਵਾਲਿਊਅਮ ਵਿੱਚ ਥੀਸਸ ਲਿਖਿਆ। ਜਿਸ ਵਿੱਚ ਉਸਨੇ ਕਿਹਾ ਕਿ ਸਮਾਜ ਵਿੱਚ ਦੋ ਜਮਾਤਾਂ ਕੰਮ ਕਰਦੀਆਂ ਹਨ, ਇੱਕ ਲੋਟੂ ਟੋਲਾ, ਜਿਸਨੂੰ ਬੁਰਜਨਾ ਅਤੇ ਦੂਜੀ ਲੁੱਟੇ ਜਾਣ ਵਾਲੀ ਕਿਰਤੀ ਸ਼ੇ੍ਰਣੀ ਨੂੰ ਪਰੋਲਤਾਰੀ ਆਖਦੇ ਹਨ। ਇਨ੍ਹਾਂ ਦਾ ਆਪਸ ਵਿੱਚ ਸੰਘਰਸ਼ ਚੱਲਦਾ ਰਹਿੰਦਾ ਹੈ ਅਖੀਰ ਵਿੱਚ ਜਿੱਤ ਪਰੋਲਤਾਰੀਆਂ ਦੀ ਹੁੰਦੀ ਹੈ ਅਤੇ ਕਲਾਸਲੈਸ ਜਮਾਤ ਦੀ ਸਿਰਜਣਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਲੁੱਟੇ ਜਾਣ ਵਾਲੀ ਜਮਾਤ ਨੂੰ ਆਪਣੇ ਹੱਕਾਂ ਲਈ ਹੋਰ ਜਾਗਰੂਕ ਹੋਣਾ ਪਵੇਗਾ, ਇਹ ਹੱਕ ਕੇਵਲ ਸੰਘਰਸ਼ਾਂ ਨਾਲ ਹੀ ਮਿਲਦੇ ਹਨ। ਅੱਜ ਦਾ ਸਮਾਂ ਇਕੱਠੇ ਹੋਣ ਦਾ ਹੈ, ਜੇਕਰ ਕਿਰਤੀ ਵਰਗ ਇਕੱਠਾ ਹੋ ਜਾਵੇ ਤਾਂ ਮੁੜ ਵੱਡੀ ਕ੍ਰਾਂਤੀ ਆਉਣੀ ਨਿਸਚਤ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਸ਼ਮੀਰਾ ਸਿੰਘ ਸਮਰਾਲਾ, ਗੁਰਜੰਟ ਸਿੰਘ ਢੀਂਡਸਾ, ਦਲਵਾਗ ਸਿੰਘ ਬਾਗੀ, ਸਿਕੰਦਰ ਸਿੰਘ, ਕਮਲਜੀਤ ਸਿੰਘ, ਜੀਵਣ ਸਿੰਘ ਬੰਬ, ਬਲਵੰਤ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਪਰਵੇਸ਼ ਕੁਮਾਰ, ਸੋਹਣ ਸਿੰਘ ਕੋਟਾਲਾ, ਜਸਵੀਰ ਸਿੰਘ ਸਮਸ਼ਪੁਰ, ਸੁਖਵੰਤ ਸਿੰਘ ਸਮਰਾਲਾ, ਜਰਨੈਲ ਸਿੰਘ ਘੁਲਾਲ, ਗੁਰਲਾਲ ਸਿੰਘ ਸਮਸ਼ਪੁਰਪੁਰ, ਨਵੀ ਖੱਟੜਾਂ ਆਦਿ ਤੋਂ ਇਲਾਵਾ ਹੋਰ ਵੀ ਰਾਜ ਮਿਸਤਰੀ ਅਤੇ ਮਜ਼ਦੂਰ ਯੂਨੀਅਨਾਂ ਦੇ ਸਾਥੀ ਹਾਜ਼ਰ ਸਨ।
ਭਾਕਿਯੂ (ਲੱਖੋਵਾਲ) ਵੱਲੋਂ ਟਿਕੈਤ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ।
ਭਾਕਿਯੂ (ਲੱਖੋਵਾਲ) ਵੱਲੋਂ ਟਿਕੈਤ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ।
ਐਸ.ਕੇ.ਐਮ. ਆਗੂ ਰਾਕੇਸ਼ ਟਿਕੈਤ ਉਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਦੇ ਬਰਦਾਸਤ ਨਹੀਂ ਕੀਤਾ ਜਾਵੇਗਾ- ਮਨਜੀਤ ਸਿੰਘ ਢੀਂਡਸਾ
ਸਮਰਾਲਾ, 5 ਮਈ ( ਵਰਿੰਦਰ ਸਿੰਘਹੀਰਾ ) ਬੀਤੇ ਦਿਨੀਂ ਮੁਜੱਫਰਨਗਰ (ਯੂ.ਪੀ.) ਵਿਖੇ ਉੱਥੋਂ ਦੀ ਯੋਗੀ ਸਰਕਾਰ ਵੱਲੋਂ ਸ਼ਾਂਤਮਈ ਆਪਣੀਆਂ ਹੱਕੀ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਹੈ ਅਤੇ ਇਸੇ ਦੌਰਾਨ ਭਾਜਪਾ ਦੇ ਅੰਧ ਭਗਤਾਂ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਪੱਗ ਲਾਹੀ ਗਈ ਉਸਦੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ, ਇਨ੍ਹਾਂ ਸ਼ਬਦਾਂ ਦਾ ਪਗ੍ਰਟਾਵਾ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਹਮਲੇ ਨਾਲ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਟਿਕੈਤ ਦੇ ਸਿਰ ਉੱਤੇ ਬੰਨੀ ਪੱਗ ਗੁਰੂ ਘਰ ਦੀ ਬਖਸ਼ਿਸ਼ ਹੈ, ਭਾਜਪਾਈ ਹੁੱਲੜਬਾਜਾਂ ਨੇ ਉਨ੍ਹਾਂ ਦੇ ਸਿਰ ਉੱਤੋਂ ਪੱਗ ਲਾਹ ਕੇ ਗੁਰੂ ਦੀ ਬਖਸ਼ਿਸ਼ ਦਾ ਘੋਰ ਅਪਮਾਨ ਕੀਤਾ ਹੈ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਯੂ. ਪੀ. ਸਰਕਾਰ ਅਜਿਹੀ ਹਰਕਤ ਕਰਨ ਵਾਲੇ ਹੁੱਲੜਬਾਜਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਭਾਜਪਾ ਦੇ ਰਾਜ ਵਿੱਚ ਆਪਣੇ ਹੱਕ ਮੰਗਣ ਵਾਲਿਆਂ ਉੱਤੇ ਲਾਠੀਚਾਰਜ ਕਰਨੇ ਆਮ ਗੱਲ ਹੋ ਗਈ ਹੈ, ਭਾਜਪਾ ਸੋਚ ਰਹੀ ਹੈ ਕਿ ਉਹ ਜਬਰ ਕਰਕੇ ਹੱਕ ਮੰਗਣ ਵਾਲਿਆਂ ਨੂੰ ਦਬਾਅ ਲਵੇਗੀ। ਟਿਕੈਤ ਇਕ ਰਾਸ਼ਟਰੀ ਕਿਸਾਨ ਆਗੂ ਹੈ, ਇਸ ਲਈ ਯੂ. ਪੀ. ਸਰਕਾਰ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਉਪਰ ਬਾਈਨੇਮ ਪਰਚਾ ਕੀਤਾ ਜਾਵੇ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਭਾਜਪਾ ਅਜਿਹੇ ਹੱਥਕੰਢੇ ਅਪਣਾਉਂਣੇ ਬੰਦ ਕਰਕੇ ਕਿਸਾਨਾਂ ਦੀਆਂ ਮੰਗਾਂ ਵੱਲ ਸੰਜੀਦਗੀ ਨਾਲ ਧਿਆਨ ਦੇਵੇ, ਜੇਕਰ ਭਾਰਤ ਦੇ ਕਿਸਾਨਾਂ ਨੇ ਮੁੜ ਭਾਜਪਾ ਵਿਰੁੱਧ ਆਪਣਾ ਮੋਰਚਾ ਖੋਲ ਦਿੱਤਾ ਤਾਂ ਇਸ ਵਾਰੀ ਕਿਸਾਨ ਆਪਣੇ ਹੱਕੀਆਂ ਮੰਗਾਂ ਲਈ ਜਾਨਾਂ ਵਾਰਨ ਤੋਂ ਪਿੱਛੇ ਨਹੀਂ ਹਟਣਗੇ।
ਬੀ.ਐਡ. ਅਧਿਆਪਕ ਫਰੰਟ ਵੱਲੋਂ ਅਧਿਆਪਕ ਨੂੰ ਮੁਅੱਤਲ ਕਰਨ ਦੀ ਨਿਖੇਧੀ।
ਕੋ
ਬੀ.ਐਡ. ਅਧਿਆਪਕ ਫਰੰਟ ਵੱਲੋਂ ਅਧਿਆਪਕ ਨੂੰ ਮੁਅੱਤਲ ਕਰਨ ਦੀ ਨਿਖੇਧੀ।
ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਨੈਤਿਕ ਸਿੱਖਿਆ ਨੂੰ ਵੇਟਰਾਂ ਨਾਲ ਤੁਲਨਾ ਕਰਨਾ ਅਤਿ ਨਿੰਦਣਯੋਗ – ਮੰਡ
ਸਮਰਾਲਾ, 05 ਮਈ ( ਸ ਨ ਬਿਊਰੋ ) ਅੱਜ ਬੀ.ਐਡ. ਅਧਿਆਪਕ ਫਰੰਟ ਇਕਾਈ ਸਮਰਾਲਾ ਦੀ ਇਕੱਤਰਤਾ ਬਲਾਕ ਪ੍ਰਧਾਨ ਹਰਮਨਦੀਪ ਸਿੰਘ ‘ਮੰਡ’ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਸਰਕਾਰੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਉਦਘਾਟਨ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਨੂੰ ‘ਵੇਟਰ ਬੁਣਾਉਣ’ ਦੀ ਤੁਲਨਾ ਕਰਨਾ ਅਤਿ ਨਿੰਦਣਯੋਗ ਹੈ। ਉਦਘਾਟਨੀ ਸਮਾਰੋਹ ਲਈ ਜਾਰੀ ਕੀਤੀ ਜਾਂਦੀ ਗ੍ਰਾਂਟ ਨਾਲ ਤਾਂ ਇਕੱਲਾ ਨੀਂਹ ਪੱਥਰ ਹੀ ਬਣਦਾ ਹੈ। ਬਾਕੀ ਦੇ ਪ੍ਰਬੰਧਾਂ ਲਈ ਹਰੇਕ ਸਕੂਲ ਦਾ 25-30 ਹਜ਼ਾਰ ਰੁਪਏ ਅਧਿਆਪਕਾਂ ਦੀਆਂ ਜੇਬਾਂ ਵਿੱਚੋਂ ਖਰਚ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਸਕੂਲ ਦੇ ਵਿਦਿਆਰਥੀਆਂ ਤੋਂ ਚਾਹ ਪਾਣੀ ਪਿਲਾਉਣ ਦੇ ਕੰਮ ਦਾ ਸਵਾਲ ਹੈ, ਇਸ ਨੂੰ ਵੇਟਰ ਮਜ਼ਦੂਰੀ ਨਾਲ ਜੋੜਨਾ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅਪਮਾਨ ਕਰਨਾ ਹੈ। ਸਕੂਲ ਵਿੱਚ ਬੱਚਿਆ ਨੂੰ ਕਿਤਾਬਾਂ ਪੜ੍ਹਾਉਣ ਦੇ ਨਾਲ ਨਾਲ ਮਾਨਵੀਂ ਸਦਾਚਾਰਕ ਗੁਣ, ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨ। ਜਿਹੋ ਜਿਹੇ ਵਿਵਹਾਰ ਦੀ ਆਸ ਇਕ ਮਾਤਾ-ਪਿਤਾ ਘਰ ਵਿੱਚ ਆਪਣੇ ਬੱਚੇ ਤੋਂ ਚਾਹੁੰਦੇ ਹਨ। ਉਹੋ ਜਿਹਾ ਹੀ ਉਹਨਾਂ ਨੂੰ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ। ਹਰੇਕ ਅਧਿਆਪਕ, ਹਰੇਕ ਬੱਚੇ ਨੂੰ ਹਰ ਰੋਜ਼ ਇਹੀ ਸਿੱਖਿਆ ਦਿੰਦਾ ਹੈ ਕਿ ਘਰ ਆਏ ਮਹਿਮਾਨਾਂ ਨੂੰ ਚਾਹ ਪਾਣੀ ਪਿਲਾਉਣ ਵਿੱਚ ਆਪਣੇ ਮਾਂ-ਬਾਪ ਦੀ ਸਹਾਇਤਾ ਕਰਨੀ ਹੈ। ਜੇਕਰ ਅਜਿਹੀ ਸਿੱਖਿਆ ਦੇਣਾ ਜੁਰਮ ਬਣਦਾ ਹੈ ਤਾਂ ਸਰਕਾਰ ਦੁਆਰਾ ਸਾਰੇ ਹੀ ਅਧਿਆਪਕਾਂ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ। ਪਰ ਅਫਸੋਸ ਸਾਡੇ ਰਾਜਸੀ ਨੇਤਾਵਾਂ ਅਤੇ ਪ੍ਰਚਾਰਕਾਂ ਨੂੰ ਇਹ ਗੱਲਾਂ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀਆਂ। ਇਕ ਪਾਸੇ ਤਾਂ ਸਰਕਾਰਾਂ, ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟਰੇਨਿੰਗਾਂ ਲਈ ਭੇਜਦੀ ਹੈ, ਜਿੱਥੇ ਬੱਚਿਆਂ ਵਿੱਚ ਮਾਨਵੀਂ ਗੁਣਾਂ ਦਾ ਵਿਕਾਸ ਕਰਨ ਲਈ ਉਹਨਾਂ ਦੀ ਹਰ ਰੋਜ਼, ਭਾਗੀਦਾਰੀ ਸਕੂਲ ਦੀ ਸਫ਼ਾਈ ਵਿੱਚ ਯਕੀਨੀ ਬਣਾਈ ਜਾਂਦੀ ਹੈ। ਮੀਟਿੰਗ ਦੇ ਅਖੀਰ ਵਿੱਚ ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਮੁੱਖੀ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਤੁਰੰਤ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਸੰਬੰਧਿਤ ਲੀਡਰਾਂ ਵੱਲੋਂ ਇਲੈਕਟ੍ਰੋਨਿਕ ਮੀਡੀਆ ਉੱਪਰ ਇਸ ਸਬੰਧੀ ਕੀਤੇ ਜਾਂਦੇ ਕੂੜ ਪ੍ਰਚਾਰ ਨੂੰ ਤੁਰੰਤ ਬੰਦ ਕੀਤਾ ਜਾਵੇ। ਨਹੀਂ ਤਾਂ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰੀ ਜਬਰ ਵਿਰੁੱਧ ਤਿੱਖਾ ਸ਼ੁਰੂ ਕੀਤਾ ਜਾਵੇਗਾ।
ਮਠਾੜੂ ਪਰਿਵਾਰ ਨੂੰ ਸਦਮਾ, ਮਾਤਾ ਸੁਰਜੀਤ ਕੌਰ ਦਾ ਦੇਹਾਂਤ
ਮਠਾੜੂ ਪਰਿਵਾਰ ਨੂੰ ਸਦਮਾ, ਮਾਤਾ ਸੁਰਜੀਤ ਕੌਰ ਦਾ ਦੇਹਾਂਤ