ਸਮਰਾਲਾ , 29 ਜਨਵਰੀ ( ਵਰਿੰਦਰ ਸਿੰਘ ਹੀਰਾ )ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਨੂੰ ਮੁੱਖ ਰੱਖਦੇ ਹੋਏ 26 ਜਨਵਰੀ ਨੂੰ ਜ਼ਿਲ੍ਹਾ ਲੁਧਿਆਣਾ ਅੰਦਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਦੇ ਮਕਸਦ ਨਾਲ ਕੀਤੀ ਗਈ ਟਰੈਕਟਰ ਪਰੇਡ ਵਿੱਚ ਕਿਸਾਨਾਂ ਨੇ ਜਿਸ ਉਤਸ਼ਾਹ ਨਾਲ ਭਾਗ ਲਿਆ ਉਸ ਪ੍ਰਤੀ ਧੰਨਵਾਦ ਸ਼ਬਦ ਵੀ ਛੋਟਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ (ਪੂਰਬੀ) ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਮਰਾਲਾ ਤਹਿਸੀਲ ਅੰਦਰ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤੀ ਟਰੈਕਟਰ ਪ੍ਰੇਡ ਵਿੱਚ ਪੁੱਜੇ ਹਜਾਰਾਂ ਕਿਸਾਨਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸ ਪਰੇਡ ਨੇ ਕੇਂਦਰ ਸਰਕਾਰ ਨੂੰ ਮੁੜ ਸੋਚੀ ਪਾ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਮੁੜ ਕਾਰਜਸ਼ੀਲ ਹੋ ਗਿਆ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇੱਕ ਵਾਰ ਫਿਰ ਦਿਖਾ ਦਿੱਤਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀ ਤਾਕਤ ਵਿੱਚ ਅਜੇ ਕੋਈ ਕਮੀ ਨਹੀਂ ਆਈ, ਸਗੋਂ ਜੇਕਰ ਭਵਿੱਖ ਵਿੱਚ ਸੰਘਰਸ਼ ਦੀ ਮੁੜ ਲੋੜ ਪਈ ਤਾਂ ਕਿਸਾਨ ਅਤੇ ਮਜ਼ਦੂਰ ਪਹਿਲਾਂ ਨਾਲੋਂ ਵੀ ਦੁੱਗਣੀ ਤਾਕਤ ਨਾਲ ਉੱਠ ਖੜ੍ਹੇ ਹੋਣਗੇ, ਜਿਸਦਾ ਭਾਰ ਪੰਜਾਬ ਸਰਕਾਰ ਤਾਂ ਕੀ ਮੋਦੀ ਦੀ ਕੇਂਦਰ ਸਰਕਾਰ ਵੀ ਨਹੀਂ ਝੱਲ ਸਕੇਗੀ। ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾ ਕੇ ਇਹ ਭਰਮ ਪਾਲ ਲਿਆ ਸੀ, ਭਾਜਪਾ ਜਿਸ ਤਰ੍ਹਾਂ ਆਪਣੇ ਸਿਆਸੀ ਦਾਅ ਪੇਚ ਖੇਡ ਕੇ ਵੱਖ ਵੱਖ ਪਾਰਟੀਆਂ ਦੇ ਸਿਆਸੀ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਫਸਾ ਕੇ ਕੂਟਨੀਤੀ ਖੇਡ ਸਕਦੀ ਹੈ, ਉਸੇ ਤਰ੍ਹਾਂ ਉਹ ਕਿਸਾਨਾਂ ਨੂੰ ਵੀ ਬੁੱਧੂ ਬਣਾ ਕੇ ਆਪਣੇ ਮਗਰ ਲਗਾ ਕੇ ਆਪਣੇ ਕੀਤੇ ਵਾਅਦੇ ਤੋਂ ਮੁਕਰ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਮੋਰਚਾ ਪੂਰੀ ਤਰ੍ਹਾਂ ਇੱਕਜੁਟਤ ਹੈ ਅਤੇ ਪਹਿਲਾਂ ਨਾਲੋਂ ਵੀ ਵੱਧ ਤਾਕਤਵਰ ਹੋ ਗਿਆ ਹੈ। ੳਨ੍ਹਾਂ ਅੱਗੇ ਕਿਹਾ ਕਿ ਹੁਣ 16 ਫਰਵਰੀ ਦੇ ਗ੍ਰਾਮੀਣ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਨ ਲਈ ਪੂਰੇ ਦੇਸ਼ ਅੰਦਰ ਆਮ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਪਿੰਡ ਪੱਧਰ ਤੱਕ ਆਮ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। 16 ਫਰਵਰੀ ਦਾ ਗ੍ਰਾਮੀਣ ਭਾਰਤ ਬੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਪੂਰੀ ਦੁਨੀਆਂ ਵਿੱਚ ਉਜਾਗਰ ਕਰ ਦੇਵੇਗਾ।